5 Dariya News

ਸ਼ਿਵ ਬਟਾਲਵੀ ਦੇ ਪ੍ਰਸ਼ੰਸਕਾਂ ਨੇ ਸ਼ਿਵ ਦੇ ਘਰ ਜਾ ਕੇ ਜਨਮ ਦਿਨ ਦੀ ਮੁਬਾਰਕਬਾਦ ਦਿੱਤੀ

ਸ਼ਿਵ ਦੀਆਂ ਰਚਨਾਵਾਂ ਕਾਲ ਤੋਂ ਪਰੇ ਅੱਜ ਵੀ ਨਵੀਆਂ ਨਕੋਰ - ਪ੍ਰੋ. ਗਿੱਲ

5 Dariya News

ਬਟਾਲਾ 23-Jul-2020

ਸ਼ਿਵ ਕੁਮਾਰ ਬਟਾਲਵੀ ਬਟਾਲਾ ਵਾਸੀਆਂ ਦੇ ਦਿਲਾਂ ਵਿੱਚ ਵਸਦੇ ਹਨ। ਅੱਜ ਸ਼ਿਵ ਬਟਾਲਵੀ ਦੇ 84ਵੇਂ ਜਨਮ ਦਿਨ ਮੌਕੇ ਬਟਾਲਾ ਦੇ ਵਸਨੀਕਾਂ ਅਤੇ ਸ਼ਿਵ ਬਟਾਲਵੀ ਦੇ ਪ੍ਰਸ਼ੰਸਕਾਂ ਨੇ ਸ਼ਿਵ ਦੇ ਘਰ ਜਾ ਕੇ ਉਨ੍ਹਾਂ ਦਾ ਜਨਮ ਦਿਨ ਮਨਾਇਆ। ਸਿਟੀਜ਼ਨ ਵੈਲਫੇਅਰ ਫੋਰਮ ਦੇ ਪ੍ਰਧਾਨ ਪ੍ਰੋ ਸੁਖਵੰਤ ਸਿੰਘ ਗਿੱਲ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਬਟਾਲਾ ਇੰਦਰਜੀਤ ਸਿੰਘ ਹਰਪੁਰਾ, ਲਾਡੀ ਜੱਸਲ, ਸਾਬਕਾ ਫਾਰਮਸਿਸਟ ਅਫਸਰ ਮਲਕੀਅਤ ਸਿੰਘ ਵਲੋਂ ਸ਼ਿਵ ਬਟਾਲਵੀ ਦੇ ਘਰ ਜਾ ਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਜਨਮ ਦਿਨ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਇਸ ਮੌਕੇ ਪ੍ਰੋ. ਸੁਖਵੰਤ ਸਿੰਘ ਗਿੱਲ ਨੇ ਸ਼ਿਵ ਕੁਮਾਰ ਬਟਾਲਵੀ ਦੇ ਭਤੀਜੇ ਰਜੀਵ ਬਟਾਲਵੀ ਅਤੇ ਉਨ੍ਹਾਂ ਦੀ ਨੂੰਹ ਸੀਮਾ ਬਟਾਲਵੀ ਨੂੰ ਸ਼ਿਵ ਬਟਾਲਵੀ ਦੇ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ। ਪ੍ਰੋ. ਗਿੱਲ ਨੇ ਕਿਹਾ ਕਿ ਸ਼ਿਵ ਉੱਪਰ ਹਰ ਪੰਜਾਬੀ ਨੂੰ ਮਾਣ ਹੈ ਅਤੇ ਬਟਾਲਾ ਵਾਸੀਆਂ ਲਈ ਇਹ ਹੋਰ ਵੀ ਮਾਣ ਦੀ ਗੱਲ ਹੈ ਕਿ ਉਹ ਸਾਡੇ ਸ਼ਹਿਰ ਦਾ ਸ਼ਾਇਰ ਸੀ। ਉਨ੍ਹਾਂ ਕਿਹਾ ਕਿ ਸ਼ਿਵ ਦੀਆਂ ਰਚਨਾਵਾਂ ਸਮੇਂ ਸੀਮਾ ਤੋਂ ਪਰੇ ਹਨ ਅਤੇ ਉਨ੍ਹਾਂ ਦੀਆਂ ਰਚਨਾਵਾਂ ਅੱਜ ਵੀ ਨਵੀਆਂ ਨਕੋਰ ਹਨ। ਉਨ੍ਹਾਂ ਕਿਹਾ ਕਿ ਸ਼ਿਵ ਦੇ 84ਵੇਂ ਜਨਮ ਦਿਨ ’ਤੇ ਉਨ੍ਹਾਂ ਦੇ ਪਰਿਵਾਰ ਦੇ ਨਾਲ ਸਮੂਹ ਪੰਜਾਬੀਆਂ ਨੂੰ ਉਹ ਮੁਬਾਰਕਬਾਦ ਦਿੰਦੇ ਹਨ। ਇਸ ਮੌਕੇ ਸ਼ਿਵ ਬਟਾਲਵੀ ਦੇ ਭਤੀਜੇ ਰਜੀਵ ਬਟਾਲਵੀ ਨੇ ਆਪਣੇ ਚਾਚਾ ਸ਼ਿਵ ਕੁਮਾਰ ਬਟਾਲਵੀਆਂ ਦੀਆਂ ਕਈ ਯਾਦਾਂ ਸਾਝੀਆਂ ਕੀਤੀਆਂ। ਉਨ੍ਹਾਂ ਸ਼ਿਵ ਦੀਆਂ ਇਸ ਘਰ ਨਾਲ ਸਬੰਧਤ ਕਈ ਯਾਦਾਂ ਬਾਰੇ ਵੀ ਦੱਸਿਆ। ਰਾਜੀਵ ਬਟਾਲਵੀ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਦੇ ਚਾਚਾ ਜੀ ਨੇ ਉਹ ਬਾਕਮਾਲ ਰਚਨਾਵਾਂ ਮਾਂ ਬੋਲੀ ਪੰਜਾਬੀ ਦੀਆਂ ਝੋਲੀ ਵਿੱਚ ਪਾਈਆਂ ਹਨ ਜਿਨ੍ਹਾਂ ਦਾ ਕੋਈ ਸਾਨੀ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਇਸ ਘਰ ਵਿੱਚ ਅੱਜ ਵੀ ਸ਼ਿਵ ਨੂੰ ਮਹਿਸੂਸ ਕਰਦੇ ਹਨ ਅਤੇ ਹਰ ਪੰਜਾਬੀ ਦੇ ਦਿਲ ਵਿੱਚ ਸ਼ਿਵ ਅੱਜ ਵੀ ਜਿਊਂਦਾ ਹੈ।