5 Dariya News

ਡਵੀਜਨਲ ਕਮਿਸ਼ਨਰ ਚੰਦਰ ਗੈਂਦ ਵੱਲੋਂ ਕੋਵਿਡ ਸਥਿਤੀ ਦਾ ਜਾਇਜ਼ਾ

ਡਿਪਟੀ ਕਮਿਸ਼ਨਰ, ਐਸ.ਪੀ. ਸਥਾਨਕ ਤੇ ਸਿਵਲ ਸਰਜਨ ਨਾਲ ਬੈਠਕ

5 Dariya News

ਪਟਿਆਲਾ 15-Jul-2020

ਪਟਿਆਲਾ ਡਵੀਜਨ ਦੇ ਡਵੀਜਨਲ ਕਮਿਸ਼ਨਰ ਚੰਦਰ ਗੈਂਦ ਨੇ ਅੱਜ ਪਟਿਆਲਾ ਜ਼ਿਲ੍ਹੇ 'ਚ ਕੋਵਿਡ-19 ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਐਸ.ਪੀ. ਸਥਾਨਕ  ਨਵਨੀਤ ਸਿੰਘ ਬੈਂਸ ਅਤੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨਾਲ ਇੱਕ ਅਹਿਮ ਬੈਠਕ ਕੀਤੀ। ਇਸ ਮੌਕੇ ਸ੍ਰੀ ਚੰਦਰ ਗੈਂਦ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਵਿਡ-19 ਤੋਂ ਬਚਣ ਲਈ ਜਰੂਰੀ ਇਹਤਿਆਤਾਂ ਦਾ ਪਾਲਣ ਕੀਤਾ ਜਾਵੇ।ਸ੍ਰੀ ਚੰਦਰ ਗੈਂਦ ਨੇ ਪਟਿਆਲਾ ਜ਼ਿਲ੍ਹੇ 'ਚ ਕੋਵਿਡ-19 ਪਾਜਿਟਿਵ ਦੇ ਮਾਮਲੇ ਵਧਣ, ਉਨ੍ਹਾਂ ਦੇ ਸੰਪਰਕਾਂ ਲੱਭਣ, ਟੈਸਟਿੰਗ, ਆਈਸੋਲੇਸ਼ਨ ਅਤੇ ਇਕਾਂਤਵਾਸ ਸਮੇਤ ਕੰਟੇਨਮੈਂਟ ਜੋਨਾਂ ਬਾਰੇ ਵਿਸਥਾਰ 'ਚ ਜਾਣਕਾਰੀ ਹਾਸਲ ਕੀਤੀ। ਡਵੀਜ਼ਨ ਕਮਿਸ਼ਨਰ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਦਾਇਤਾਂ ਕੀਤੀਆਂ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਰੰਭੇ ਕੀਤੇ ਮਿਸ਼ਨ ਫ਼ਤਿਹ ਦੀ ਸਫ਼ਲਤਾ ਲਈ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ।ਸ੍ਰੀ ਗੈਂਦ ਨੇ ਕਿਹਾ ਕਿ ਲੋਕਾਂ ਨੂੰ ਕੋਵਿਡ-19 ਦੇ ਵਧਦੇ ਪ੍ਰਭਾਵ ਤੋਂ ਬਚਾਅ ਲਈ ਮਾਸਕ ਪਾਉਣ ਸਮੇਤ ਆਪਸੀ ਦੂਰੀ ਰੱਖਣੀ ਚਾਹੀਦੀ ਹੈ, ਹੱਥ ਵਾਰ-ਵਾਰ ਧੋਣੇ ਚਾਹੀਦੇ ਹਨ ਅਤੇ ਵੱਡੇ ਇਕੱਠਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਨਾ ਕਰਨ ਵਾਲੇ ਲੋਕਾਂ ਵਿਰੁੱਧ ਕਾਨੂੰਨ ਮੁਤਾਬਕ ਸਖ਼ਤੀ ਵਰਤੀ ਜਾਵੇ ਅਤੇ ਚਲਾਨ ਕੀਤੇ ਜਾਣ।ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਸ੍ਰੀ ਗੈਂਦ ਨੂੰ ਜ਼ਿਲ੍ਹੇ 'ਚ ਕੰਟੇਨਮੈਂਟ ਜੋਨਾਂ, ਮਾਈਕਰੋ ਕੰਟੇਨਮੈਂਟ ਜੋਨਾਂ ਸਮੇਤ ਮਰੀਜਾਂ ਦੇ ਇਲਾਜ ਲਈ ਬੈਡਾਂ ਦੀ ਉਪਲਬੱਧਤਾ ਸਮੇਤ ਹੋਰ ਕੀਤੇ ਜਾ ਰਹੇ ਪ੍ਰਬੰਧਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਮਿਸ਼ਨ ਫ਼ਤਿਹ ਤਹਿਤ ਲੋਕਾਂ ਨੂੰ ਕੋਵਿਡ-19 ਤੋਂ ਬਚਾਉਣ ਲਈ ਹਰ ਸੰਭਵ ਉਪਰਾਲੇ ਕਰ ਰਿਹਾ ਹੈ।ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਕੋਵਿਡ-19 ਦੇ ਮਰੀਜਾਂ ਦੀ ਪਛਾਣ, ਸੰਪਰਕਾਂ ਦਾ ਪਤਾ ਲਾਉਣ ਸਮੇਤ ਲੋਕਾਂ ਨੂੰ ਕੋਵਿਡ ਤੋਂ ਜਾਣੂ ਕਰਵਾਉਣ ਲਈ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਐਸ.ਪੀ. ਸਥਾਨਕ ਸ. ਨਵਨੀਤ ਸਿੰਘ ਬੈਂਸ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਸਕ ਨਾ ਪਾਉਣ ਤੇ ਆਪਸੀ ਦੂਰੀ ਨਾ ਰੱਖਣ ਸਮੇਤ ਹੋਰ ਜਰੂਰੀ ਇਹਤਿਆਤ ਨਾ ਵਰਤਣ ਵਾਲਿਆਂ ਦੇ ਚਲਾਨ ਕੱਟੇ ਜਾ ਰਹੇ ਹਨ। ਇਸ ਮੌਕੇ ਡਾ. ਗੁਰਮੀਤ ਸਿੰਘ ਵੀ ਮੌਜੂਦ ਸਨ।