5 Dariya News

ਮਿਸ਼ਨ ਫਤਿਹ-ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਸਫਾਈ ਸੇਵਕ ਮੁਹਰਲੀ ਕਤਾਰ 'ਚ ਖੜ੍ਹੇ ਹੋ ਕੇ ਨਿਭਾਅ ਰਹੇ ਨੇ ਜ਼ਿੰਮੇਵਾਰੀ : ਗੇਜਾ ਰਾਮ

ਸਫਾਈ ਸੇਵਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੰਜਾਬ ਸਰਕਾਰ ਨੇ ਗਠਿਤ ਕੀਤੀ 5 ਮੈਂਬਰੀ ਕਮੇਟੀ : ਗੇਜਾ ਰਾਮ

5 Dariya News

ਮਾਨਸਾ 11-Jul-2020

ਕੋਵਿਡ-19 ਦੌਰਾਨ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਲਈ ਕੋਰੋਨਾ ਯੋਧੇ ਬਣੇ ਸਫਾਈ ਸੇਵਕਾਂ ਦੀ ਹੌਂਸਲਾ ਅਫ਼ਜਾਈ ਕਰਨ ਲਈ ਅੱਜ ਚੇਅਰਮੈਨ ਸਫਾਈ ਕਰਮਚਾਰੀ ਕਮਿਸ਼ਨ ਪੰਜਾਬ ਸ਼੍ਰੀ ਗੇਜਾ ਰਾਮ ਵਾਲਮਿਕੀ ਨਗਰ ਪੰਚਾਇਤ ਬੋਹਾ ਦਫ਼ਤਰ ਵਿਖੇ ਪੰਹੁਚੇ। ਇਸ ਮੌਕੇ ਉਨ੍ਹਾਂ ਕਿਹਾ ਕਿ ਮਿਸ਼ਨ ਫਤਿਹ ਤਹਿਤ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਸਫਾਈ ਸੇਵਕ ਵੀ ਮੁਹਰਲੀ ਕਤਾਰ ਵਿੱਚ ਖੜ੍ਹੇ ਹੋਏ ਹਨ ਅਤੇ ਪੂਰੀ ਸ਼ਿੱਦਤ ਨਾਲ ਆਪਣੀ ਡਿਊਟੀ ਨੂੰ ਅੰਜਾਮ ਦੇ ਰਹੇ ਹਨ।ਚੇਅਰਮੈਨ ਸ਼੍ਰੀ ਗੇਜਾ ਰਾਮ ਨੇ ਕਿਹਾ ਕਿ ਅੱਜ ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਕਾਰਨ ਹਾਹਾਕਾਰ ਮਚੀ ਹੋਈ ਹੈ ਪਰ ਇਸ ਦੇ ਬਾਵਜੂਦ ਸਫਾਈ ਸੇਵਕ ਸ਼ਹਿਰ ਦੀ ਗੰਦਗੀ ਨੂੰ ਸਾਫ਼ ਕਰ ਰਹੇ ਹਨ ਅਤੇ ਸੀਵਰੇਜ਼ ਦੇ ਅੰਦਰ ਜਾ ਕੇ ਗੰਦਗੀ ਨੂੰ ਖ਼ਤਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਅਜਿਹੇ ਕਾਮੇ ਸਫਾਈ ਸੇਵਕਾਂ ਨੂੰ ਸਹੂਲਤਾਂ ਪ੍ਰਦਾਨ ਕਰਨ ਲਈ ਹੀ ਪੰਜਾਬ ਸਰਕਾਰ ਵੱਲੋਂ ਸਫਾਈ ਕਰਮਚਾਰੀ ਕਮਿਸ਼ਨ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕਮਿਸ਼ਨ ਦੀ ਸਿਫਾਰਿਸ਼ 'ਤੇ ਪੰਜਾਬ ਸਰਕਾਰ ਵੱਲੋਂ 5 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਵਿੱਚ ਸਾਰੇ ਮੈਂਬਰ ਹੀ ਕੈਬਨਿਟ ਮੰਤਰੀ ਹਨ, ਜੋ ਸਫਾਈ ਕਰਮਚਾਰੀਆਂ ਦੀਆਂ ਤਨਖ਼ਾਹਾਂ ਸਬੰਧੀ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਸਬੰਧੀ, ਠੇਕੇਦਾਰੀ ਸਿਸਟਮ ਬੰਦ ਕਰਨ ਸਬੰਧੀ ਅਤੇ ਆਊਟ ਸੋਰਸਿਜ਼ ਰਾਹੀਂ ਭਰਤੀ ਕਰਨ ਸਬੰਧੀ ਵਿਚਾਰ ਵਟਾਂਦਰਾ ਕਰਕੇ ਆਪਣੀ ਰਿਪੋਰਟ ਮੁੱਖ ਮੰਤਰੀ ਪੰਜਾਬ ਨੂੰ ਸੌਂਪਣਗੇ। ਚੇਅਰਮੈਨ ਨੇ ਕਿਹਾ ਕਿ ਇਸ ਤੋਂ ਇਲਾਵਾ ਜੋ ਸਫਾਈ ਸੇਵਕ ਨਗਰ ਪੰਚਾਇਤ ਬੋਹਾ ਵੱਲੋਂ 60 ਸਾਲ ਦੀ ਉਮਰ ਵਾਲੇ ਜਾਂ ਕਿਸੇ ਸ਼ਿਕਾਇਤ ਦੇ ਅਧਾਰ 'ਤੇ ਕੱਢੇ ਗਏ ਸਨ, ਉਨ੍ਹਾਂ ਸਬੰਧੀ ਚੇਅਰਮੈਨ ਨੇ ਨਗਰ ਪੰਚਾਇਤ ਦਫ਼ਤਰ ਨੂੰ ਹਦਾਇਤ ਕੀਤੀ ਕਿ ਸ਼ਿਕਾਇਤ ਰਾਹੀਂ ਕੱਢੇ ਗਏ ਸਫਾਈ ਸੇਵਕਾਂ ਨੂੰ ਇੱਕ ਮੌਕਾ ਹੋਰ ਦਿੱਤਾ ਜਾਵੇ ਅਤੇ 60 ਸਾਲ ਦੀ ਉਮਰ ਪੂਰੀ ਕਰਨ ਵਾਲੇ ਸਫਾਈ ਸੇਵਕਾਂ ਦੇ ਪਰਿਵਾਰ ਵਿੱਚੋਂ ਕਿਸੇ ਮੈਂਬਰ ਨੂੰ ਰੱਖਿਆ ਜਾਵੇ ਤਾਂ ਜੋ ਉਨ੍ਹਾਂ ਦਾ ਗੁਜ਼ਾਰਾ ਹੋ ਸਕੇ।ਸ਼੍ਰੀ ਗੇਜਾ ਰਾਮ ਨੇ ਸਫਾਈ ਸੇਵਕਾਂ ਸ਼ਲਾਘਾ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਦੀ ਬਿਮਾਰੀ ਨਾਲ ਨਜਿੱਠਣ ਲਈ ਹਰ ਵਿਭਾਗ ਵੱਲੋਂ ਜ਼ਿੰਮੇਵਾਰੀ ਨਿਭਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਮਿਸ਼ਨ ਵੱਲੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਸਿਫਾਰਿਸ਼ ਕੀਤੀ ਗਈ ਹੈ ਕਿ ਸਫਾਈ ਸੇਵਕਾਂ ਨੂੰ 3000/- ਰੁਪਏ ਡਸਟ ਅਲਾਊਂਸ ਅਤੇ 5000/- ਰੁਪਏ ਗੈਸ ਅਲਾਊਂਸ ਦਿੱਤਾ ਜਾਵੇ। ਚੇਅਰਮੈਨ ਨੇ ਸਫਾਈ ਸੇਵਕਾਂ ਨੂੰ ਅਪੀਲ ਕੀਤੀ ਕਿ ਉਹ ਮੁੱਖ ਮੰਤਰੀ ਪੰਜਾਬ ਦੇ ਮਿਸ਼ਨ ਫਤਿਹ ਸਬੰਧੀ ਵੀ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਆਪਣਾ ਅਹਿਮ ਯੋਗਦਾਨ ਪਾਉਣ। ਉਨ੍ਹਾਂ ਸਫਾਈ ਸੇਵਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਣ ਲਈ ਜ਼ਰੂਰੀ ਸਾਵਧਾਨੀਆਂ ਵਰਤ ਕੇ ਸਾਫ਼-ਸਫਾਈ ਕਰਨ ਦੀ ਅਪੀਲ ਕੀਤੀ।ਇਸ ਮੌਕੇ ਵਾਈਸ ਚੇਅਰਮੈਨ ਸਫਾਈ ਕਰਮਚਾਰੀ ਯੁਨੀਅਨ ਪੰਜਾਬ ਸ਼੍ਰੀ ਰਾਮ ਸਿੰਘ ਸਰਦੂਲਗੜ੍ਹ, ਕਾਰਜ ਸਾਧਕ ਅਫ਼ਸਰ ਬੋਹਾ ਸ਼੍ਰੀ ਵਿਜੇ ਜਿੰਦਲ, ਨਾਇਬ ਤਹਿਸੀਲਦਾਰ ਸ਼੍ਰੀ ਗੁਰਜੀਤ ਸਿੰਘ ਢਿੱਲੋਂ, ਤਹਿਸੀਲ ਭਲਾਈ ਅਫ਼ਸਰ ਮਾਨਸਾ ਸ਼੍ਰੀ ਕੁਲਦੀਪ ਸਿੰਘ, ਤਹਿਸੀਲ ਭਲਾਈ ਅਫ਼ਸਰ ਬੁਢਲਾਡਾ ਸ਼੍ਰੀ ਪ੍ਰਦੀਪ ਕੁਮਾਰ, ਇੰਸਪੈਕਟਰ ਸ਼੍ਰੀ ਸੰਦੀਪ ਭਾਟੀ, ਮੁੱਖ ਸਲਾਹਕਾਰ ਸਫਾਈ ਕਰਮਚਾਰੀ ਯੁਨੀਅਨ ਪੰਜਾਬ ਸ਼੍ਰੀ ਰੂਪ ਚੰਦ ਪਰੋਚਾ, ਜ਼ਿਲ੍ਹਾ ਪ੍ਰਧਾਨ ਸਫਾਈ ਸੇਵਕ ਯੁਨੀਅਨ ਸ਼੍ਰੀ ਪ੍ਰਵੀਨ ਕੁਮਾਰ, ਪ੍ਰਧਾਨ ਬੋਹਾ ਸਫਾਈ ਸੇਵਕ ਯੁਨੀਅਨ ਸ਼੍ਰੀ ਮੋਹਨਾ ਸਿੰਘ ਤੋਂ ਇਲਾਵਾ ਹੋਰ ਵੀ ਸਖਸ਼ੀਅਤਾਂ ਮੌਜੂਦ ਸਨ।