5 Dariya News

ਚਰਨਜੀਤ ਸਿੰਘ ਚੰਨੀ ਨੇ ਅਧਿਕਾਰੀਆਂ ਨੂੰ ਸੈਰ ਸਪਾਟੇ ਨਾਲ ਸਬੰਧਤ ਸਾਰੇ ਪ੍ਰਾਜੈਕਟ ਸਮੇਂ ਸਿਰ ਮੁਕੰਮਲ ਕਰਨ ਲਈ ਕੀਤੀ ਹਦਾਇਤ

ਪ੍ਰਮੁੱਖ ਸਕੱਤਰ ਹੁਸਨ ਲਾਲ ਨੇ ਠੇਕੇਦਾਰਾਂ ਨੂੰ ਸਾਰੇ ਕੰਮਾਂ ਦੇ ਨੇਪਰੇ ਚੜ੍ਹਾਉਣ ਨੂੰ ਯਕੀਨੀ ਬਣਾਉਣ ਲਈ ਹੋਰ ਵਸੀਲੇ ਤੇ ਲੇਬਰ ਜੁਟਾਉਣ ਲਈ ਕਿਹਾ

5 Dariya News

ਚੰਡੀਗੜ੍ਹ 10-Jul-2020

ਪੰਜਾਬ ਦੇ ਸੈਰਸਪਾਟਾ ਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਸੈਰਸਪਾਟੇ ਨਾਲ ਸਬੰਧਤ ਸਾਰੇ ਪ੍ਰਾਜੈਕਟਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਹਦਾਇਤ ਕੀਤੀ ਹੈ। ਪ੍ਰਮੁੱਖ ਸਕੱਤਰ ਹੁਸਨ ਲਾਲ ,ਆਈਏਐਸ ਅਤੇ ਡਾਇਰੈਕਟਰ (ਸੈਰਸਪਾਟਾ ਤੇ ਸਭਿਆਚਾਰਕ ਮਾਮਲੇ ) ਸ੍ਰੀਮਤੀ ਕੰਵਲਪ੍ਰੀਤ ਕੌਰ ਬਰਾੜ ਨੇ ਅੱਜ ਇੱਥੇ ਸਬੰਧਤ ਅਧਿਕਾਰੀਆਂ ਨਾਲ ਸਾਰੇ ਕੰਮਾਂ ਨੂੰ ਮਿੱਥੇ ਸਮੇਂ ਅਨੁਸਾਰ ਨੇਪਰੇ ਚੜ੍ਹਾਉਣ ਹਿੱਤ ਰੀਵਿਊ ਮੀਟਿੰਗ  ਕੀਤੀ।ਮੀਟਿੰਗ ਦੌਰਾਨ ਅਧਿਕਾਰੀਆਂ ਨੇ ਮਹਿੰਦਰਾ ਕੋਠੀ,ਪਟਿਆਲਾ ਵਿਖੇ 8.95 ਕਰੋੜ ਰੁਪਏ ਦੀ ਲਾਗਤ ਨਾਲ ਆਈਡੀਆਈਪੀਟੀ ਪ੍ਰਾਜੈਕਟ ਤਹਿਤ ਵਿਕਸਿਤ ਕੀਤੇ ਜਾ ਰਹੀ ਮੈਡਲ ਗੈਲਰੀ ਤੇ ਕੁਆਇਨ ਮਿਉਜ਼ੀਅਮ, ਕਿਲਾ ਮੁਬਾਰਕ ਪਟਿਆਲਾ ਵਿਖ 7.50 ਕਰੋੜ  ਰੁਪਏ ਦੀ ਲਾਗਤ ਨਾਲ ਰਾਮਬਾਗ ਦੀ ਸਾਂਭ ਸੰਭਾਲ ਅਤੇ ਕਿਲਾ ਮੁਬਾਰਕ ਪਟਿਆਲਾ ਵਿਖੇ 9.00 ਕਰੋੜ ਰੁਪਏ ਦੀ ਲਾਗਤ ਨਾਲ ਮੋਤੀ ਮਹਿਲ ਦੀ ਸਾਂਭ ਸੰਭਾਲ ਦੇ ਕੰਮਾਂ ਦਾ ਜਾਇਜ਼ਾ ਲਿਆ।ਮੀਟਿੰਗ ਦੌਰਾਨ  ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਹੁਸਨ ਲਾਲ ਨੂੰ ਜਾਣਕਾਰੀ ਮਿਲੀ ਕਿ ਠੇਕੇਦਾਰਾਂ ਵੱਲੋਂ ਮੌਕੇ 'ਤੇ ਤਾਇਨਾਤ ਲੇਬਰ ਬਹੁਤ ਘੱਟ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੰਮ ਵਾਲੀ ਥਾਂ 'ਤੇ ਵਧੇਰੇ ਸਰੋਤ ਅਤੇ ਲੇਬਰ ਤਾਇਨਾਤ ਕੀਤੀ ਜਾਵੇ ਅਤੇ ਸਾਰਾ ਕੰਮ ਇਸ ਸਾਲ ਸਤੰਬਰ ਦੇ ਅੰਤ ਤੱਕ ਪੂਰਾ ਕਰਨ ਨੂੰ ਯਕੀਨੀ ਬਣਾਇਆ ਜਾਵੇ।ਇਸ ਮੌਕੇ ਸਰਹਿੰਦ- ਮੋਰਿੰਡਾ ਰੋਡ 'ਤੇ ਸ਼ੇਰ ਸ਼ਾਹ ਸੂਰੀ ਚੌਕ, ਗੁਰੂਦਵਾਰਾ ਸ੍ਰੀ ਜੋਤੀ ਸਵਰੂਪ ਨੇੜੇ ਰੋਡ, ਸਹੀਦ ਊਧਮ ਸਿੰਘ ਜੀ ਦੀ ਸਮਾਧੀ ਅਤੇ ਦੀਵਾਨ ਟੋਡਰ ਮੱਲ ਦੀ ਜਾਜ ਹਵੇਲੀ ਵਿਖੇ ਸੈਰ ਸਪਾਟਾ ਬੁਨਿਆਦੀ  ਢਾਂਚੇ ਦੇ ਵਿਕਾਸ, ਡੇਰਾ ਮੀਰ ਮੀਆਂ ਮਕਬਰਾ ਅਤੇ ਮਕਬਰਾ ਸਦਨਾ ਕਸਾਈ  ਦੇ ਸੁੰਦਰੀਕਰਨ ਕਾਰਜਾਂ ਦੀ ਵੀ ਸਮੀਖਿਆ ਕੀਤੀ ਗਈ। ਫਤਿਹਗੜ ਸਾਹਿਬ ਵਿਖੇ 14.20 ਕਰੋੜ ਰੁਪਏ ਦੀ ਲਾਗਤ ਵਾਲਾ  ਇਹ ਕੰਮ ਪੰਜਾਬ ਵਿਰਾਸਤ ਤੇ ਸੈਰਪਸਪਾਟਾ ਪ੍ਰੋਤਸਾਹਨ ਬੋਰਡ (ਪੀ.ਐੱਚ. ਟੀ. ਬੀ.) ਦੁਆਰਾ ਕੀਤਾ ਜਾ ਰਿਹਾ ਹੈ।