5 Dariya News

ਖੇਡ ਡਾਇਰੈਕਟਰ ਵੱਲੋਂ ਸੂਬੇ ਵਿੱਚ ਖੇਡ ਢਾਂਚੇ ਦੀ ਮਜ਼ਬੂਤੀ ਲਈ ਸਖ਼ਤ ਹਦਾਇਤਾਂ

ਜ਼ਿਲ੍ਹਾ ਖੇਡ ਅਧਿਕਾਰੀਆਂ ਨੂੰ 20 ਜੁਲਾਈ ਤੱਕ ਲੋੜੀਂਦੇ ਖੇਡ ਢਾਂਚੇ ਅਤੇ ਉਪਕਰਣਾਂ ਸਬੰਧੀ ਵਿਸਥਾਰਤ ਰਿਪੋਰਟ ਭੇਜਣ ਦੇ ਹੁਕਮ

5 Dariya News

ਚੰਡੀਗੜ੍ਹ 08-Jul-2020

ਪੰਜਾਬ ਰਾਜ ਦੇ ਡਾਇਰੈਕਟਰ ਖੇਡਾਂ ਡੀ.ਪੀ.ਐੱਸ. ਖਰਬੰਦਾ ਨੇ ਅੱਜ ਪੰਜਾਬ ਰਾਜ ਦੇ ਖੇਡ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸੂਬੇ ਵਿੱਚ ਖੇਡਾਂ ਨਾਲ ਸਬੰਧਤ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਕੰਮ ਕਰਨ।ਅੱਜ ਇੱਥੇ ਸੂਬੇ ਦੇ ਜ਼ਿਲ੍ਹਾ ਖੇਡ ਅਫ਼ਸਰਾਂ, ਖੇਡ ਵਿਭਾਗ ਦੇ ਡਿਪਟੀ ਡਾਇਰੈਕਟਰ, ਐਕਸੀਅਨ ਅਤੇ ਹੋਰ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਉਨ੍ਹਾਂ ਸੂਬੇ ਵਿੱਚ ਚੱਲ ਰਹੀਆਂ ਖੇਡ ਗਤੀਵਿਧੀਆਂ ਦਾ ਮੁਲਾਂਕਣ ਕੀਤਾ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਕਾਰਨ ਸੂਬਾ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੀ ਖੇਡ ਗਤੀਵਿਧੀਆਂ ਚਲਾਈਆਂ ਜਾਣ। ਉਨ੍ਹਾਂ ਸਾਰੇ ਜ਼ਿਲ੍ਹਾ ਖੇਡ ਅਧਿਕਾਰੀਆਂ ਨੂੰ 20 ਜੁਲਾਈ, 2020 ਤੱਕ ਖੇਡ ਢਾਂਚੇ ਅਤੇ ਉਪਕਰਣਾਂ ਦੀ ਜ਼ਰੂਰਤ ਸਬੰਧੀ ਵਿਸਥਾਰਤ ਰਿਪੋਰਟ ਭੇਜਣ ਦੇ ਵੀ ਹੁਕਮ ਦਿੱਤੇ। ਉਨ੍ਹਾਂ ਖੇਲੋ ਇੰਡੀਆ ਸਕੀਮ ਅਧੀਨ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਦਾ ਵੀ ਜ਼ਿਲ੍ਹਾਵਾਰ ਮੁਲਾਂਕਣ ਕਰਦਿਆਂ ਕਿਹਾ ਕਿ ਇਸ 100 ਫ਼ੀਸਦੀ ਸਪਾਂਸਰਡ ਸਕੀਮ ਦੇ ਲਾਗੂਕਰਨ ਨੂੰ ਯਕੀਨੀ ਬਣਾਇਆ ਜਾਵੇ।ਸ੍ਰੀ ਖਰਬੰਦਾ ਨੇ ਕਿਹਾ ਕਿ ਖੇਲੋ ਇੰਡੀਆ ਸਕੀਮ ਪ੍ਰਤਿਭਾ ਖੋਜ ਅਤੇ ਵਿਕਾਸ, ਦਿਵਿਆਂਗ ਲੋਕਾਂ ਵਿੱਚ ਖੇਡਾਂ ਨੂੰ ਪ੍ਰਫੁੱਲਿਤ ਕਰਨ, ਔਰਤਾਂ ਨੂੰ ਖੇਡਾਂ ਦੇ ਵਧੇਰੇ ਮੌਕੇ ਮੁਹੱਈਆ ਕਰਾਉਣਾ, ਖੇਡਾਂ ਨਾਲ ਸਬੰਧਤ ਢਾਂਚੇ ਦਾ ਵਿਕਾਸ, ਖੇਡ ਮੈਦਾਨਾਂ ਦਾ ਵਿਕਾਸ ਅਤੇ ਕਮਿਊਨਿਟੀ ਕੋਚਿੰਗ ਵੱਲ ਵਿਸ਼ੇਸ਼ ਤਵੱਜੋ ਦਿੱਤੀ ਜਾਵੇ। ਇਸ ਤੋਂ ਇਲਾਵਾ ਸਕੂਲੀ ਵਿਦਿਆਰਥੀਆਂ ਦੇ ਸਰੀਰਿਕ ਵਿਕਾਸ, ਸਾਲਾਨਾ ਖੇਡ ਮੁਕਾਬਲੇ, ਪਿੰਡਾਂ ਵਿੱਚ ਖੇਡਾਂ ਨੂੰ ਪ੍ਰਫੁੱਲਿਤ ਕਰਨ, ਦਿਵਿਆਂਗਾਂ ਦੇ ਖੇਡ ਮੁਕਾਬਲੇ, ਖੇਡਾਂ ਲਈ ਬੁਨਿਆਦੀ ਢਾਂਚੇ ਦੇ ਵਿਕਾਸ, ਸੂਬਾ ਪੱਧਰੀ ਖੇਲੋ ਇੰਡੀਆ ਸੈਂਟਰਾਂ ਦੇ ਵਿਕਾਸ, ਖੇਡ ਪ੍ਰਤਿਭਾ ਦੀ ਖੋਜ ਤੇ ਵਿਕਾਸ ਅਤੇ ਖੇਡਾਂ ਲਈ ਕੌਮੀ/ਖੇਤਰੀ/ਸੂਬਾਈ ਖੇਡ ਅਕੈਡਮੀਆਂ ਦੀ ਸਥਾਪਨਾ ਵੱਲ ਵੀ ਧਿਆਨ ਦਿੱਤਾ ਜਾਵੇ।