ਜਸਬੀਰ ਸਿੰਘ ਗਿੱਲ ਮੈਂਬਰ ਪਾਰਲੀਮੈਂਟ ਹਲਕਾ ਖਡੂਰ ਸਾਹਿਬ ਵੱਲੋਂ ਖੇਤੀਬਾੜੀ ਵਿਭਾਗ ਦੁਆਰਾ ਲਗਾਏ ਗਏ ਕੈਂਪ ਵਿਚ ਸ਼ਮੂਲੀਅਤ
5 Dariya News
ਤਰਨ ਤਾਰਨ 06-Jul-2020
ਸ਼੍ਰੀ ਜਸਬੀਰ ਸਿੰਘ ਗਿੱਲ, ਮੈਂਬਰ ਪਾਰਲੀਮੈਂਟ ਖਡੂਰ ਸਾਹਿਬ ਵਲੋਂ ਪਿੰਡ ਫਤਿਆਬਾਦ ਬਲਾਕ ਚੋਹਲਾ ਸਾਹਿਬ ਵਿੱਖੇ ਵੱਖ ਵੱਖ ਤਰੀਕੇ ਜਿਵੇਂ ਕਿ ਝੋਨੇ ਦੀ ਸਿੱਧੀ ਬਿਜਾਈ ਡਰਿੱਲ ਨਾਲ, ਛੱਟੇ ਨਾਲ, ਪੈਡੀ ਟਰਾਂਸਪਲਾਂਟਰ ਨਾਲ ਲਗਾਏ ਗਏ ਝੋਨੇ ਦਾ ਜ਼ਾਇਜਾ ਲਿਆ।ਉਹਨਾਂ ਦੇ ਨਾਲ ਸ਼੍ਰੀ ਰਾਜ਼ੇਸ਼ ਸ਼ਰਮਾਂ ਉਪ ਮੰਡਲ ਮੈਜਿਸਟ੍ਰੇਟ ਖਡੂਰ ਸਾਹਿਬ ਨੇ ਵੀ ਸ਼ਮੂਲੀਅਤ ਕੀਤੀ ।ਇਸ ਮੌਕੇ ਸ਼੍ਰੀ ਜਸਬੀਰ ਸਿੰਘ ਗਿੱਲ, ਮੈਂਬਰ ਪਾਰਲੀਮੈਂਟ ਖਡੂਰ ਸਾਹਿਬ ਨੇ ਕਿਸਾਨਾਂ ਨਾਲ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਕਿਸਾਨ ਪਾਣੀ ,ਖਾਦਾਂ ਅਤੇ ਦਵਾਈਆਂ ਦੀ ਸਤੰੁਲਿਤ ਵਰਤੋਂ ਕਰਨ, ਖਰਚੇ ਅਤੇ ਵਾਤਾਵਰਨ ਬਚਾਉਣ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਮੁਹਿੰਮਾਂ ਵਿਚ ਪੂਰਾ ਸਹਿਯੋਗ ਦੇਣ । ਉਹਨਾਂ ਕਿਸਾਨ ਵੀਰਾਂ ਨੂੰ ਜ਼ਹਿਰਾ ਅਤੇ ਖਾਦਾਂ ਰਹਿਤ ਘਰੇਲੂ ਬਗੀਚੀ ਤਿਆਰ ਕਰਨ ਅਤੇ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਉਹਨਾਂ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸਹਿਯੋਗ ਨਾਲ ਕਿਸਾਨਾਂ ਨੂੰ ਪੌਦੇ ਵੰਡੇ ਅਤੇ ਆਪਣੇ ਹੱਥੀ ਅੰਬ ਦਾ ਬੂਟਾ ਲਗਾਇਆ ।ਇਸ ਮੌਕੇ ਡਾ. ਕੁਲਜੀਤ ਸਿੰਘ ਸੈਣੀ ਮੁੱਖ ਖੇਤੀਬਾੜੀ ਅਫਸਰ ਤਰਨ ਤਾਰਨ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਕੈਂਪ ਦੀ ਅਗਵਾਈ ਕਰਦੇ ਹੋਏ ਸ਼੍ਰੀ ਜਸਬੀਰ ਸਿੰਘ ਗਿੱਲ, ਮੈਂਬਰ ਪਾਰਲੀਮੈਂਟ ਖਡੂਰ ਸਾਹਿਬ ਨੂੰ ਜੀ ਆਇਆ ਆਖਿਆ ਅਤੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਕਿਸਾਨ ਵੀਰ ਝੋਨੇ ਵਿੱਚ ਪਹਿਲੇ 15 ਦਿਨ ਪਾਣੀ ਖੜਾ ਰੱਖਣ ਤਾਂ ਜੋ ਨਦੀਨਾਂ ਦੀ ਰੋਕਥਾਮ ਹੋ ਸਕੇ, ਇਸ ਤੋਂ ਬਾਅਦ ਪਤਲਾ ਪਾਣੀ ਲਾਉਣ ਬਾਰੇ ਦੱਸਿਆ ਤਾਂ ਜੋ ਮੁੱਢਾਂ ਨੂੰ ਹਵਾ ਲਗਦੀ ਰਹੇ, ਯੂਰੀਆ ਖਾਦ ਬਰਾਬਰ 3 ਕਿਸ਼ਤਾਂ ਵਿਚ 15 ਦਿਨ ਦੇ ਵਕਫੇ ਨਾਲ ਸ਼ਾਮ ਨੂੰ ਹੀ ਪਾਈ ਜਾਵੇ ਅਤੇ ਖੜੇ ਪਾਣੀ ਵਿਚ ਨਾ ਪਾਈ ਜਾਵੇ ।ਜ਼ਹਿਰਾਂ ਦੀ ਵਰਤੋਂ ਖੇਤੀਬਾੜੀ ਯੂਨੀਵਰਸਿਟੀ ਦੀਆਂ ਸ਼ਿਫਾਰਸ਼ਾਂ ਅਤੇ ਲੋੜ ਅਨੁਸਾਰ ਕੀਤੀ ਜਾਵੇ ।ਉਹਨਾਂ ਬਾਸਮਤੀ ਦੀ ਫਸਲ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੂਸਾ ਬਾਸਮਤੀ 1121, 1718 ਨੂੰ 36 ਕਿਲੋ ਅਤੇ ਪੂਸਾ ਬਾਸਮਤੀ 1509 ਨੂੰ 54 ਕਿਲੋ ਪ੍ਰਤੀ ਏਕੜ 2 ਕਿਸ਼ਤਾਂ ਵਿਚ (4 ਅਤੇ 6 ਹਫਤੇ) ਯੂਰੀਆ ਦੀ ਵਰਤੋਂ ਕੀਤੀ ਜਾਵੇ ਅਤੇ ਝੋਨੇ ਦੀ ਸਿੱਧੀ ਬਿਜਾਈ ਲਈ 130 ਕਿਲੋ ਯੂਰੀਆ ਦੀ ਵਰਤੋਂ ( 4,6 ਅਤੇ 9 ਹਫਤੇ ) ਦੇ ਵਕਫੇ ਨਾਲ ਕੀਤੀ ਜਾਵੇ ।ਬਾਸਮਤੀ ਦੀ ਫਸਲ ਤੇ ਬੈਨ ਕੀਤੀਆਂ ਜ਼ਹਿਰਾਂ ਦੀ ਵਰਤੋਂ ਨਾ ਕੀਤੀ ਜਾਵੇ ਅਤੇ ਖੇਤੀਬਾੜੀ ਯੂਨੀਵਰਸਿਟੀ ਦੀਆਂ ਸ਼ਿਫਾਰਸ਼ਾਂ ਅਨੁਸਾਰ ਹੀ ਜ਼ਹਿਰਾਂ ਵਰਤੀਆਂ ਜਾਣ । ਉਹਨਾਂ ਕਿਸਾਨ ਵੀਰਾਂ ਨੂੰ ਜ਼ਹਿਰਾ ਅਤੇ ਖਾਦਾਂ ਰਹਿਤ ਘਰੇਲੂ ਬਗੀਚੀ ਤਿਆਰ ਕਰਨ ਲਈ ਪ੍ਰੇਰਿਤ ਕੀਤਾ ।ਇਸ ਕੈਂਪ ਵਿਚ ਪਿੰਡ ਫਤਿਆਬਾਦ ਦੇ ਸਰਪੰਚ ਸ਼੍ਰੀ ਪ੍ਰਦੀਪ ਕੁਮਾਰ ਚੋਪੜਾ ਅਤੇ ਸਿੱਧੀ ਬਿਜਾਈ ਕਰਨ ਵਾਲੇ ਮੱਖਣ ਸਿੰਘ ( 26 ਏਕੜ) , ਲਖਵਿੰਦਰ ਸਿੰਘ ( 20 ਏਕੜ ), ਗੁਰਪਾਲ ਸਿੰਘ ਅਤੇ ਅਜੀਤ ਸਿੰਘ (35 ਏਕੜ ) ਅਤੇ ਹੋਰ ਅਗਾਂਹਵਧੂ ਕਿਸਾਨਾਂ ਨੇ ਭਾਗ ਲਿਆ । ਇਸ ਕੈਂਪ ਨੂੰ ਨੇਪਰੇ ਚਾੜਨ ਵਿਚ ਹਰਪਾਲ ਸਿੰਘ ਪੰਨੂੰ ਬਲਾਕ ਖੇਤੀਬਾੜੀ ਅਫਸਰ ਚੋਹਲਾ ਸਾਹਿਬ ਅਤੇ ਸਮੂਹ ਸਟਾਫ, ਜਗਵਿੰਦਰ ਸਿੰਘ ਬਲਾਕ ਖੇਤੀਬਾੜੀ ਅਫਸਰ ਨੌਸ਼ਹਿਰਾ ਪੰਨੂੰਆਂ, ਕੇਵਲ ਸਿੰਘ ਭਿੰਡਰ ਖੇਤੀਬਾੜੀ ਅਫਸਰ ਖਡੂਰ ਸਾਹਿਬ, ਗੁਰਬੀਰ ਸਿੰਘ ਏ.ਡੀ.ਓ ਅਤੇ ਇੰਦਰਪਾਲ ਸਿੰਘ ਬੀ.ਟੀ.ਐਮ ਨੇ ਪੂਰਨ ਸਹਿਯੋਗ ਦਿੱਤਾ ।