5 Dariya News

ਏ.ਡੀ.ਜੀ.ਪੀ. ਗੁਰਪ੍ਰੀਤ ਦਿਓ ਵੱਲੋਂ ਪੰਜਾਬ ਦਾ ਪਹਿਲਾ ਬਾਲ ਮਿੱਤਰ ਪੁਲੀਸ ਸਟੇਸ਼ਨ ਲੋਕਾਂ ਨੂੰ ਸਮਰਪਿਤ

ਬੱਚਿਆਂ ਨੂੰ ਪੁਲੀਸ ਸਟੇਸ਼ਨ ਵਿੱਚ ਮਿਲੇਗਾ ਸੁਖਾਵਾਂ ਮਾਹੌਲ, ਬਚਪਨ ਬਚਾਓ ਅੰਦੋਲਨ ਦੇ ਸਹਿਯੋਗ ਨਾਲ ਕੀਤਾ ਉਪਰਾਲਾ

5 Dariya News

ਮੰਡੀ ਗੋਬਿੰਦਗੜ੍ਹ 03-Jul-2020

ਬਾਲ ਮਿੱਤਰ ਪੁਲੀਸ ਸਟੇਸ਼ਨ ਬਨਾਉਣ ਦਾ ਮੁੱਖ ਮਕਸਦ ਬੱਚਿਆਂ ਦੇ ਅੰਦਰੋਂ ਪੁਲੀਸ ਲਈ ਝਿਜਕ ਨੂੰ ਦੂਰ ਕਰ ਕੇ ਇਕ ਸੁਖਾਵੇਂ ਮਾਹੌਲ ਵਿੱਚ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨਾ ਹੈ ਤੇ ਅਜਿਹੇ ਪੁਲੀਸ ਸਟੇਸ਼ਨ ਬੱਚਿਆਂ ਸਬੰਧੀ ਮੁਸ਼ਕਲਾਂ ਦੇ ਹੱਲ ਵਿੱਚ ਸਹਾਈ ਸਿੱਧ ਹੋਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਏ.ਡੀ.ਜੀ.ਪੀ. (ਸੀ.ਏ.ਡੀ. ਅਤੇ ਔਰਤਾਂ ਤੇ ਬੱਚਿਆਂ ਸਬੰਧੀ ਮਾਮਲੇ) ਪੰਜਾਬ ਗੁਰਪ੍ਰੀਤ ਦਿਓ ਨੇ ਮੰਡੀ ਗੋਬਿੰਦਗੜ੍ਹ ਵਿਖੇ ਸਥਾਪਤ ਕੀਤੇ ਪੰਜਾਬ ਦਾ ਪਹਿਲਾ ਬਾਲ ਮਿੱਤਰ ਪੁਲੀਸ ਸਟੇਸ਼ਨ ਲੋਕਾਂ ਨੂੰ ਸਮਰਪਿਤ ਕਰਨ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਇਥੇ ਬੱਚਿਆਂ ਨੂੰ ਘਰ ਵਰਗਾ ਮਾਹੌਲ ਮੁਹੱਈਆ ਕਰਵਾਇਆ ਜਾਵੇਗਾ ਤਾਂ ਜੋ ਬੱਚਾ ਆਪਣੇ ਨਾਲ ਹੋਈ ਵਧੀਕੀ ਜਾਂ ਦੁੱਖ ਤਕਲੀਫ ਬਿਨਾਂ ਕਿਸੇ ਸਹਿਮ ਤੋਂ ਦੱਸ ਸਕੇ ਤੇ ਇਥੇ ਬੱਚਿਆਂ ਸਬੰਧੀ ਮੁਸ਼ਕਲਾਂ ਦਾ ਪੂਰਨ ਹੱਲ ਕੀਤਾ ਜਾਵੇਗਾ। ਏ.ਡੀ.ਜੀ.ਪੀ.ਗੁਰਪ੍ਰੀਤ ਦਿਓ ਨੇ ਦੱਸਿਆ ਕਿ ਬਚਪਨ ਬਚਾਓ ਅੰਦੋਲਨ ਤਹਿਤ ਇਹ ਪੁਲੀਸ ਸਟੇਸ਼ਨ ਤਿਆਰ ਕੀਤੇ ਜਾ ਰਹੇ ਹਨ। ਮੰਡੀ ਗੋਬਿੰਦਗੜ੍ਹ ਵਿਖੇ ਤਿਆਰ ਕੀਤੇ ਬਾਲ ਮਿੱਤਰ ਪੁਲੀਸ ਸਟੇਸ਼ਨ ਵਿਖੇ ਕੰਧਾਂ ਨੂੰ ਉਚੇਚੇ ਤੌਰ 'ਤੇ ਸਜਾਇਆ ਗਿਆ ਹੈ ਤੇ ਇਥੇ ਬੱਚਿਆਂ ਨੂੰ ਸੁਖਾਵਾਂ ਮਾਹੌਲ ਮੁਹੱਈਆ ਕਰਵਾਉਣ ਲਈ ਲੋੜੀਂਦੀਆਂ ਸਾਰੀਆਂ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਗਈਆਂ ਹਨ। ਇਸ ਦੇ ਨਾਲ ਨਾਲ ਬੱਚਿਆਂ ਲਈ ਖਿਡੌਣਿਆਂ, ਕਿਤਾਬਾਂ ਅਤੇ ਹੋਰ ਖੇਡਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਇਸ ਪੁਲੀਸ ਸਟੇਸ਼ਨ ਜ਼ਰੀਏ ਇਹ ਯਕੀਨੀ ਬਣਾਇਆ ਜਾਵੇਗਾ ਕਿ ਬੱਚਿਆਂ ਨੂੰ ਤੈਅ ਸਮੇਂ ਢੁੱਕਵਾਂ ਇਨਸਾਫ ਮਿਲੇ।  

ਇਸ ਮੌਕੇ ਜ਼ਿਲ੍ਹਾ ਪੁਲੀਸ ਮੁਖੀ ਸ੍ਰੀਮਤੀ ਅਮਨੀਤ ਕੌਂਡਲ ਨੇ ਦੱਸਿਆ ਕਿ ਇਸ ਪੁਲੀਸ ਸਟੇਸ਼ਨ ਵਿਖੇ ਬੱਚਿਆਂ ਸਬੰਧੀ ਦੋ ਕੈਟਾਗਿਰੀਜ਼, ਚਿਲਡਰਨ ਕਨਫਲਿਕਟ ਵਿਦ ਲਾਅ ਅਤੇ ਚਿਲਡਰਨ ਨੀਡ ਕੇਅਰ ਐਂਡ ਪ੍ਰੋਟੈਕਸ਼ਨ, ਦੇ ਆਧਾਰ ਉਤੇ ਜੁਵੇਨਾਇਲ ਜਸਟਿਸ ਕਮੇਟੀ (ਜੇ ਜੇ ਸੀ) ਅਤੇ ਬਾਲ ਭਲਾਈ ਕਮੇਟੀ ( ਸੀ ਡਬਲਿਊ ਸੀ) ਦੇ ਨਾਲ ਤਾਲਮੇਲ ਨਾਲ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ।ਚਿਲਡਰਨ ਕਨਫਲਿਕਟ ਵਿਦ ਲਾਅ ਵਿੱਚ ਅਪਰਾਧਾਂ ਨਾਲ ਸਬੰਧਤ ਬੱਚੇ ਸ਼ਾਮਲ ਹੋਣਗੇ ਅਤੇ ਚਿਲਡਰਨ ਨੀਡ ਕੇਅਰ ਐਂਡ ਪ੍ਰੋਟੈਕਸ਼ਨ ਵਿੱਚ ਬਾਲ ਮਜ਼ਦੂਰੀ, ਬਾਲ ਵਿਆਹ, ਬੱਚਿਆਂ ਨਾਲ ਹਿੰਸਾ ਆਦਿ ਸਬੰਧੀ ਬੱਚੇ ਸ਼ਾਮਲ ਹੋਣਗੇ। ਇਸ ਪੁਲੀਸ ਸਟੇਸ਼ਨ ਵਿਖੇ ਬੱਚਿਆਂ ਦੇ ਬਿਆਨ ਦਰਜ ਕਰਵਾਉਣ ਸਬੰਧੀ ਅਤੇ ਦਿਵਿਆਂਗ ਬੱਚਿਆਂ ਲਈ ਵੀ ਵਿਸ਼ੇਸ਼ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਬਾਲ ਮਿੱਤਰ ਪੁਲੀਸ ਸਟੇਸ਼ਨ ਸਰਕਾਰ ਦਾ ਅਹਿਮ ਉਪਰਾਲਾ ਹੈ, ਜਿਸ ਸਦਕਾ ਬੱਚਿਆਂ ਨੂੰ ਸੁਖਾਵੇਂ ਮਾਹੌਲ ਵਿੱਚ ਢੁੱਕਵਾਂ ਤੇ ਸਮਾਂਬੱਧ ਇਨਸਾਫ਼ ਦਿਵਾਉਣ ਵਿੱਚ ਮਦਦ ਮਿਲੇਗੀ ।ਉਨ੍ਹਾਂ ਕਿਹਾ ਕਿ ਬਾਲ ਮਿੱਤਰ ਪੁਲਿਸ ਸਟੇਸ਼ਨ ਤਿਆਰ ਕਰਵਾਉਣ ਵਿੱਚ ਐਸ ਐਚ ਓ ਥਾਣਾ ਮੰਡੀ ਗੋਬਿੰਦਗੜ੍ਹ ਇੰਸਪੈਕਟਰ ਮਹਿੰਦਰ ਸਿੰਘ ਨੇ ਅਹਿਮ ਭੂਮਿਕਾ ਨਿਭਾਈ ਹੈ। ਇਸ ਮੌਕੇ ਐਸ ਪੀ (ਡੀ)ਹਰਪਾਲ ਸਿੰਘ, ਐਸ ਪੀ (ਐਚ) ਨਵਰੀਤ ਸਿੰਘ ਵਿਰਕ, ਐਸ ਪੀ ਅਮਰਜੀਤ ਸਿੰਘ ਮਟਵਾਨੀ, ਡੀ ਐਸ ਪੀ ਹਰਦੀਪ ਸਿੰਘ ਬਡੂੰਗਰ, ਡੀ ਐਸ ਪੀ ਅਮਲੋਹ ਸੁਖਵਿੰਦਰ ਸਿੰਘ, ਡੀ ਐਸ ਪੀ ਮਨਜੋਤ ਕੌਰ, ਇੰਸਪੈਕਟਰ ਮਹਿੰਦਰ ਸਿੰਘ ਅਤੇ ਬਚਪਨ ਬਚਾਓ ਅੰਦੋਲਨ ਦੇ ਸਟੇਟ ਕੁਆਰਡੀਨੇਟਰ ਯਾਦਵਿੰਦਰ ਸਿੰਘ ਹਾਜ਼ਰ ਸਨ।