‘ਮਿਸ਼ਨ ਫ਼ਤਿਹ’ ਤਹਿਤ ਸਿਹਤ ਵਿਭਾਗ ਦੇ ਫੀਲਡ ਵਰਕਰਾਂ ਨੇ ਘਰ-ਘਰ ਜਾ ਕੇ ਕੀਤਾ ਲੋਕਾਂ ਨੂੰ ਜਾਗਰੂਕ
ਸਭਨਾਂ ਦੇ ਸਹਿਯੋਗ ਅਤੇ ਜਾਗਰੂਕਤਾ ਨਾਲ ਕੋਰੋਨਾ ’ਤੇ ਫ਼ਤਿਹ ਪਾਵਾਂਗੇ-ਸਿਵਲ ਸਰਜਨ
5 Dariya News
ਕਪੂਰਥਲਾ 03-Jul-2020
ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਖਿਲਾਫ਼ ਸ਼ੁਰੂ ਕੀਤੇ ਗਏ ‘ਮਿਸ਼ਨ ਫ਼ਤਿਹ’ ਤਹਿਤ ਅੱਜ ਜ਼ਿਲੇ ਭਰ ਵਿਚ ਸਿਹਤ ਵਿਭਾਗ ਦੇ ਫੀਲਡ ਵਰਕਰਾਂ ਵੱਲੋਂ ਲੋਕਾਂ ਨੂੰ ਘਰ-ਘਰ ਜਾ ਕੇ ਇਸ ਨਾਮੁਰਾਦ ਬਿਮਾਰੀ ਤੋਂ ਬਚਾਅ ਲਈ ਜਾਗਰੂਕ ਕੀਤਾ ਗਿਆ। ਸਿਵਲ ਸਰਜਨ ਡਾ. ਜਸਮੀਤ ਬਾਵਾ ਵੱਲੋਂ ਸਿਵਲ ਸਰਜਨ ਦਫ਼ਤਰ ਤੋਂ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਦੌਰਾਨ ਜ਼ਿਲੇ ਦੀਆਂ ਸਮੂਹ ਸਿਹਤ ਸੰਸਥਾਵਾਂ ਦੇ ਫੀਲਡ ਵਰਕਰਾਂ ਵੱਲੋਂ ਲੋਕਾਂ ਨੂੰ ਘਰ-ਘਰ ਜਾ ਕੇ ਇਸ ਬਿਮਾਰੀ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ ਸਮੂਹ ਡਾਕਟਰਾਂ ਵੱਲੋਂ ਵੀ ਓ. ਪੀ. ਡੀ ਮਰੀਜ਼ਾਂ ਨੂੰ ਕੋਵਿਡ-19 ਤੋਂ ਬਚਾਅ ਬਾਰੇ ਜਾਗਰੂਕ ਕੀਤਾ ਗਿਆ। ਇਸ ਦੌਰਾਨ ਆਸ਼ਾ ਵਰਕਰਾਂ ਨੇ ਡੋਰ-ਟੂ-ਡੋਰ ਸਰਵੇਖਣ ਕਰਨ ਦੇ ਨਾਲ-ਨਾਲ ਮਿਸ਼ਨ ਸਬੰਧੀ ਪੈਂਫਲੇਟ ਵੀ ਵੰਡੇ। ਇਸੇ ਤਰਾਂ ਸਮੂਹ ਸਿਹਤ ਸੰਸਥਾਵਾ ਵਿਚ ਕੋਰੋਨਾ ਤੋਂ ਬਚਾਅ ਸਬੰਧੀ ਹਦਾਇਤਾਂ ਦੇ ਪੋਸਟਰ ਅਤੇ ਬੈਨਰ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਫੀਲਡ ਵਰਕਰਾਂ ਵੱਲੋਂ ਲੋਕਾਂ ਨੂੰ ਕੋਵਿਡ ਤੋਂ ਬਚਾਅ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ। ਇਸ ਦੌਰਾਨ ਲੋਕਾਂ ਨੂੰ ਮਾਸਕ ਪਹਿਨਣ, ਸਮਾਜਿਕ ਦੂਰੀ ਬਣਾਈ ਰੱਖਣ ਅਤੇ ਹੱਥਾਂ ਨੂੰ ਵਾਰ-ਵਾਰ ਧੋਣ ਦੀ ਤਾਕੀਦ ਕੀਤੀ ਗਈ। ਇਸ ਤੋਂ ਇਲਾਵਾ ਉਨਾਂ ਨੂੰ ਭੀੜ-ਭਾੜ ਵਾਲੀਆਂ ਥਾਵਾਂ ’ਤੇ ਜਾਣ ਤੋਂ ਗੁਰੇਜ ਕਰਨ ਲਈ ਕਿਹਾ ਗਿਆ। ਉਨਾਂ ਕਿਹਾ ਕਿ ਸਾਵਧਾਨੀਆਂ ਵਰਤ ਕੇ ਹੀ ਅਸੀਂ ਕੋਰੋਨਾ ਬਿਮਾਰੀ ਤੋਂ ਸੁਰੱਖਿਅਤ ਰਹਿ ਸਕਦੇ ਹਾਂ। ਡਾ. ਬਾਵਾ ਨੇ ਕਿਹਾ ਕਿ ਸਾਰਿਆਂ ਦੇ ਸਹਿਯੋਗ ਅਤੇ ਜਾਗਰੂਕਤਾ ਦੇ ਨਾਲ ਹੀ ਮਿਸ਼ਨ ਫ਼ਤਿਹ ਕੀਤਾ ਜਾ ਸਕਦਾ ਹੈ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਰਮੇਸ਼ ਕੁਮਾਰੀ ਬੰਗਾ, ਜ਼ਿਲਾ ਪਰਿਵਾਰ ਭਲਾਈ ਅਫ਼ਸਰ ਡਾ. ਰਾਜ ਕਰਨੀ, ਜ਼ਿਲਾ ਸਿਹਤ ਅਫ਼ਸਰ ਡਾ. ਕੁਲਜੀਤ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਾਰਿਕਾ ਦੁੱਗਲ, ਡੀ. ਡੀ. ਐਚ. ਓ ਡਾ. ਸੁਰਿੰਦਰ ਮੱਲ, ਡਾ. ਸੰਦੀਪ ਭੋਲਾ, ਡਾ. ਰਾਜੀਵ ਭਗਤ, ਡਾ. ਨਵਪ੍ਰੀਤ ਕੌਰ, ਡਾ. ਸੁਬਰਾ, ਹਰਵਿੰਦਰ ਸਿੰਘ ਬੇਦੀ, ਬਲਾਕ ਐਜੂਕੇਟਰ ਰਵਿੰਦਰ ਕੁਮਾਰ ਜੱਸਲ ਅਤੇ ਹੋਰ ਸਟਾਫ ਹਾਜ਼ਰ ਸੀ।