5 Dariya News

ਰਾਹੁਲ ਗਾਂਧੀ ਨੇ ਪੱਤਰ ਭੇਜ ਕੇ ਸ਼ਹੀਦ ਮਨਦੀਪ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

ਮਨਦੀਪ ਸਿੰਘ ਦੇ ਬਲਿਦਾਨ ਲਈ ਪੂਰਾ ਦੇਸ਼ ਨਤਮਸਤਕ-ਰਾਹੁਲ ਗਾਂਧੀ

5 Dariya News

ਪਟਿਆਲਾ 19-Jun-2020

ਲੋਕ ਸਭਾ ਮੈਂਬਰ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸ੍ਰੀ ਰਾਹੁਲ ਗਾਂਧੀ ਨੇ ਅੱਜ ਪਟਿਆਲਾ ਜ਼ਿਲ੍ਹੇ ਦੇ ਪਿੰਡ ਸੀਲ ਦੇ ਵਾਸੀ ਸ਼ਹੀਦ ਨਾਇਬ ਸੂਬੇਦਾਰ ਮਨਦੀਪ ਸਿੰਘ ਦੇ ਪਰਿਵਾਰ ਨੂੰ ਇੱਕ ਪੱਤਰ ਲਿੱਖਕੇ ਦੁੱਖ ਸਾਂਝਾ ਕੀਤਾ ਹੈ। ਸ਼ਹੀਦ ਮਨਦੀਪ ਸਿੰਘ ਭਾਰਤ-ਚੀਨ ਸਰਹੱਦ 'ਤੇ ਸਥਿਤ ਗਲਵਾਨ ਘਾਟੀ ਵਿਖੇ ਬੀਤੇ ਦਿਨੀਂ ਚੀਨ ਦੀ ਫ਼ੌਜ ਨਾਲ ਹੋਈ ਹਿੰਸਕ ਝੜਪ ਦੌਰਾਨ ਸ਼ਹੀਦ ਹੋ ਗਏ ਸਨ।ਸ਼ਹੀਦ ਦੀ ਧਰਮ ਪਤਨੀ ਸ੍ਰੀਮਤੀ ਗੁਰਦੀਪ ਕੌਰ ਨੂੰ ਸੰਬੋਧਤ ਪੱਤਰ ਰਾਹੀਂ ਸ੍ਰੀ ਰਾਹੁਲ ਗਾਂਧੀ ਨੇ ਆਪਣੀ ਸੰਵੇਦਨਾ ਪ੍ਰਗਟ ਕਰਦਿਆਂ ਕਿਹਾ ਹੈ ਕਿ ''ਸ੍ਰੀ ਮਨਦੀਪ ਸਿੰਘ ਦੇ ਅਕਾਲ ਚਲਾਣੇ ਨਾਲ ਉਨ੍ਹਾਂ ਨੂੰ ਗਹਿਰਾ ਦੁੱਖ ਹੋਇਆ ਹੈ। ਅੱਜ ਪੂਰਾ ਦੇਸ਼ ਉਨ੍ਹਾਂ ਦੇ ਬਲਿਦਾਨ ਲਈ ਨਤਮਸਤਕ ਹੈ।''ਲੋਕ ਸਭਾ ਮੈਂਬਰ ਸ੍ਰੀ ਰਾਹੁਲ ਗਾਂਧੀ ਦਾ ਇਹ ਪੱਤਰ ਜ਼ਿਲ੍ਹਾ ਪਟਿਆਲਾ ਪ੍ਰਸ਼ਾਸਨ ਵੱਲੋਂ ਸ਼ਹੀਦ ਦੀ ਮਾਤਾ ਸ੍ਰੀਮਤੀ ਸ਼ੰਕੁਤਲਾ ਕੌਰ, ਧਰਮ ਪਤਨੀ ਸ੍ਰੀਮਤੀ ਗੁਰਦੀਪ ਕੌਰ, ਬੇਟੀ ਮਹਿਕਪ੍ਰੀਤ ਕੌਰ ਅਤੇ ਬੇਟੇ ਜੋਬਨਪ੍ਰੀਤ ਸਿੰਘ ਨੂੰ ਸੌਂਪਿਆ ਗਿਆ। ਇਸ ਮੌਕੇ ਸ਼ਹੀਦ ਦੇ ਚਚੇਰੇ ਭਰਾ ਰਿਟਾਇਰਡ ਕੈਪਟਨ ਨਿਰਮਲ ਸਿੰਘ ਵੀ ਮੌਜੂਦ ਸਨ।ਸ੍ਰੀ ਰਾਹੁਲ ਗਾਂਧੀ ਨੇ ਆਪਣੇ ਪੱਤਰ 'ਚ ਲਿਖਿਆ ਹੈ ਕਿ, ''ਹਰ ਭਾਰਤੀ ਦੀ ਸੁਤੰਤਰਤਾ, ਸੁਰੱਖਿਆ ਅਤੇ ਸ਼ਾਂਤੀ ਸੁਨਿਸਚਿਤ ਕਰਨ ਲਈ ਸ਼ਹੀਦ ਮਨਦੀਪ ਸਿੰਘ ਨੇ ਆਪਣਾ ਜੀਵਨ ਸਮਰਪਿਤ ਕਰ ਦਿੱਤਾ ਹੈ। ਅਸੀਂ ਉਨ੍ਹਾਂ ਦੇ ਸਾਹਸ ਅਤੇ ਦੇਸ਼ ਭਗਤੀ ਨੂੰ ਹਮੇਸ਼ਾ ਯਾਦ ਰੱਖਾਂਗੇ।''ਸ੍ਰੀ ਗਾਂਧੀ ਨੇ ਕਿਹਾ ਕਿ, ਉਹ ਇੱਕ ਰਾਸ਼ਟਰੀ ਨਾਇਕ ਦੀ ਸ਼ਹਾਦਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਸ਼ਹੀਦ ਦੇ ਪਰਿਵਾਰ ਦੇ ਸਾਹਸ ਨੂੰ ਸਲਾਮ ਕਰਦੇ ਹਨ। ਉਨ੍ਹਾਂ ਕਿਹਾ ਕਿ, ''ਇਸ ਮੁਸ਼ਕਿਲ ਦੀ ਘੜੀ 'ਚ ਉਨ੍ਹਾਂ ਦੀ ਗਹਿਰੀ ਸੰਵੇਦਨਾ ਸ਼ਹੀਦ ਦੀ ਪਤਨੀ ਅਤੇ ਪੂਰੇ ਪਰਿਵਾਰ ਦੇ ਨਾਲ ਹੈ।''