5 Dariya News

ਮਿਸ਼ਨ ਫ਼ਤਿਹ-ਜ਼ਿਲ੍ਹੇ ’ਚ ਬਾਹਰਲੇ ਰਾਜਾਂ ਤੋਂ ਆਉਣ ਵਾਲਿਆਂ ਬਾਰੇ ਪਰਿਵਾਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਨਾ ਦੇਣੀ ਲਾਜ਼ਮੀ-ਡੀ ਸੀ ਵਿਨੈ ਬਬਲਾਨੀ

ਐਸ ਡੀ ਐਮਜ਼, ਸੈਕਟਰ ਅਫ਼ਸਰਾਂ ਅਤੇ ਸਿਹਤ ਵਿਭਾਗ ਨਾਲ ਕੀਤੀਆਂ ਮੀਟਿੰਗਾਂ

5 Dariya News

ਨਵਾਂਸ਼ਹਿਰ 13-Jun-2020

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਕੋਵਿਡ-19 ਨੂੰ ਲੈ ਕੇ ਕੀਤੀਆਂ ਦਿਨ ਭਰ ਮੀਟਿੰਗਾਂ ਤੋਂ ਬਾਅਦ ਸਮੂਹ ਸਬ ਡਵੀਜ਼ਨਲ ਅਫ਼ਸਰਾਂ, ਸੈਕਟਰ ਅਫ਼ਸਰਾਂ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਫ਼ੀਡਬੈਕ ਦੇ ਆਧਾਰ ’ਤੇ ਬਾਹਰਲੇ ਰਾਜਾਂ ਤੋਂ ਆਉਣ ਵਾਲਿਆਂ ਬਾਰੇ ਪਰਿਵਾਰ/ਮਕਾਨ ਮਾਲਕ ਨੂੰ ਜ਼ਿਲ੍ਹਾ ਪ੍ਰਸ਼ਾਸਨ (ਐਸ ਡੀ ਐਮ ਦਫ਼ਤਰ/ਸੀ ਡੀ ਪੀ ਓ ਦਫ਼ਤਰ) ਨੂੰ ਸੂਚਨਾ ਦੇਣੀ ਲਾਜ਼ਮੀ ਕਰ ਦਿੱਤੀ ਗਈ ਹੈ। ਇਹ ਸੂਚਨਾ ਜ਼ਿਲ੍ਹਾ ਕੋਵਿਡ ਕੰਟਰੋਲ ਰੂਮ ਨੰਬਰਾਂ  01823-227470, 227471, 227473 ਤੇ 227474 ’ਤੇ ਵੀ ਦਿੱਤੀ ਜਾ ਸਕਦੀ ਹੈ।ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਦੱਸਿਆ ਕਿ ਅੱਜ ਉਨ੍ਹਾਂ ਵੱਲੋਂ ਮਿਸ਼ਨ ਫ਼ਤਿਹ ਤਹਿਤ ਜ਼ਿਲ੍ਹੇ ’ਚ ਕੋਵਿਡ-19 ਦੇ ਸਥਾਨਕ ਪੱਧਰ ’ਤੇ ਫ਼ੈਲਾਅ ਨੂੰ  ਹਰ ਹਾਲ ’ਚ ਰੋਕਣ ਬਾਰੇ ਤਿੰਨਾਂ ਸਬ ਡਵੀਜ਼ਨਾਂ ਦੇ ਅਧਿਕਾਰੀਆਂ ਅਤੇ ਸੈਕਟਰ ਅਫ਼ਸਰਾਂ ਨਾਲ ਵੱਖ-ਵੱਖਰੇ ਤੌਰ ’ਤੇ ਸ਼ਾਮ ਤੱਕ ਕੀਤੀਆਂ ਮੀਟਿੰਗ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਜ਼ਿਲ੍ਹੇ ’ਚ ਕੋਵਿਡ ਦੀ ਸਥਾਨਕ ਪੱਧਰ ’ਤੇ ਮੁਕੰਮਲ ਰੋਕਥਾਮ ਲਈ ਅਜਿਹੇ ਸਖਤ ਹੁਕਮਾਂ ਦੀ ਅਤਿਅੰਤ ਲੋੜ ਹੈ। ਉਨ੍ਹਾਂ ਦੱਸਿਆ ਕਿ ਜੇਕਰ ਅੱਜ ਇਹ ਹੁਕਮ ਜਾਰੀ ਹੋਣ ਤੋਂ ਇੱਕ ਹਫ਼ਤਾ ਪਹਿਲਾਂ ਵੀ ਕਿਸੇ ਦੇ ਘਰ ਬਾਹਰਲੇ ਰਾਜ ਤੋਂ ਕੋਈ ਰਿਸ਼ਤੇਦਾਰ/ਪਰਿਵਾਰਿਕ ਮੈਂਬਰ/ਕਿਰਾਏਦਾਰ ਰਹਿਣ ਆਇਆ ਹੈ ਤਾਂ ਉਸ ਸਬੰਧੀ ਵੀ ਸੂਚਨਾ ਦੇਣੀ ਲਾਜ਼ਮੀ ਹੋਵੇਗੀ।ਮੀਟਿੰਗਾਂ ’ਚ ਸ਼ਾਮਿਲ ਏ ਡੀ ਸੀ (ਜ) ਅਦਿਤਿਆ ਉੱਪਲ, ਐਸ ਡੀ ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ, ਐਸ ਡੀ ਐਮ ਬਲਾਚੌਰ ਜਗਦੀਸ਼ ਸਿੰਘ, ਐਸ ਡੀ ਐਮ ਬੰਗਾ ਦੀਪਜੋਤ ਕੌਰ, ਡੀ ਐਸ ਪੀ ਹਰਨੀਲ ਸਿੰਘ ਇਸ ਗੱਲ ’ਤੇ ਇਕਮਤ ਸਨ ਕਿ ਜਦੋਂ ਤੱਕ ਬਾਹਰੋਂ ਪਿੰਡਾਂ ’ਚ ਆਏ ਲੋਕਾਂ ਨੂੰ ਇਕਾਂਤਵਾਸ ਲਾਜ਼ਮੀ ਰੂਪ ’ਚ ਪੂਰਾ ਨਹੀਂ ਕਰਵਾਇਆ ਜਾਂਦਾ, ਜ਼ਿਲ੍ਹੇ ’ਚ ਕੋਰਨਾ ਵਾਇਰਸ ਦੇ ਸਥਾਨ ਪੱਧਰ ’ਤੇ ਫ਼ੈਲਣ ਦਾ ਖਤਰਾ ਬਰਕਰਾਰ ਰਹੇਗਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਗੱਲ ਦਾ ਵੀ ਖਾਸ ਖਿਆਲ ਰੱਖਿਆ ਜਾ ਰਿਹਾ ਹੈ ਕਿ ਝੋਨੇ ਦੀ ਲੁਆਈ ਲਈ ਆ ਰਹੀ ਲੇਬਰ ਨੂੰ ਪਿੰਡ ਦੀ ਵਸੋਂ ’ਚ ਰਲਣ ਤੋਂ ਰੋਕਿਆ ਜਾਵੇ ਤਾਂ ਜੋ ਕਿਸੇ ਇੱਕ ਦੇ ਪੀੜਤ ਹੋਣ ਬਾਅਦ ਬਾਕੀ ਲੋਕ ਨਾ ਪ੍ਰਭਾਵਿਤ ਹੋਣ।

ਮੀਟਿੰਗ ’ਚ ਮੌਜੂਦ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗੁਰਚਰਨ ਸਿੰਘ ਅਤੇ ਸੀ ਡੀ ਪੀ ਓ ਪੂਰਨ ਪੰਕਜ ਪ੍ਰਕਾਸ਼ ਨੇ ਦੱਸਿਆ ਕਿ ਸਰਵੇਲੈਂਸ ਟੀਮ ਦੀ ਸਭ ਤੋਂ ਹੇਠਲੀ ਕੜੀ ਆਂਗਨਵਾੜੀ ਵਰਕਰਾਂ ਪਿੰਡ ’ਚ ਹਰ ਨਵੇਂ ਆਉਣ ਵਾਲੇ ਬਾਰੇ ਬਾਕਾਇਦਾ ਸੂਚਨਾ ਬੜੀ ਕੁਸ਼ਲਤਾ ਨਾਲ ਦੇ ਰਹੀਆਂ ਹਨ। ਉਨ੍ਹਾਂ ’ਤੇ ਨਿਗਰਾਨੀ ਵਜੋਂ ਆਂਗਨਵਾੜੀ ਸੁਪਰਵਾਈਜ਼ਰਾਂ ਅਤੇ ਸੈਕਟਰ ਅਫ਼ਸਰਾਂ ਇਸ ਬਾਰੇ ਬਾਕਾਇਦਾ ਨਜ਼ਰ ਰੱਖਦੀਆਂ ਹਨ।ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ ਅਤੇ ਜ਼ਿਲ੍ਹਾ ਟੀਕਾਕਰਣ ਅਫ਼ਸਰ ਡਾ. ਦਵਿੰਦਰ ਢਾਂਡਾ ਦਾ ਕਹਿਣਾ ਸੀ ਕਿ ਜ਼ਿਲ੍ਹੇ ’ਚ ਤਿੰਨ ਤਰ੍ਹਾਂ ਨਾਲ ਇਕਾਂਤਵਾਸ ਲਾਜ਼ਮੀ ਹੈ। ਪਹਿਲਾਂ ਵਿਦੇਸ਼ ਤੋਂ ਆਉਣ ਵਾਲੇ ਵਿਅਕਤੀ, ਜਿਨ੍ਹਾਂ ਨੂੰ ਕੇ ਸੀ ਜਾਂ ਰਿਆਤ ਵਿਖੇ ਸਥਾਪਤ ਸਟੇਟ ਇਕਾਂਤਵਾਸ ’ਚ 7 ਦਿਨ ਰੱਖ ਕੇ, ਨੈਗੇਟਿਵ ਟੈਸਟ ਆਉਣ ’ਤੇ ਅਗਲੇ 7 ਦਿਨ ਘਰ ਇਕਾਂਤਵਾਸ ’ਚ ਪੂਰੇ ਕਰਵਾਉਣੇ ਹੁੰਦੇ ਹਨ। ਦੂਸਰਾ ਬਾਹਰਲੇ ਰਾਜ ਤੋਂ ਆਪਣੇ ਘਰ ਆਏ, ਰਿਸ਼ਤੇਦਾਰੀ ’ਚ ਆਏ ਜਾਂ ਹੋਰ ਕਿਸੇ ਕਾਰਨ ਰਹਿਣ ਆਏ (ਜਿਵੇਂ ਕਿਰਾਏਦਾਰ ਜਾਂ ਕੰਮ-ਕਾਰ) ਲਈ ਆਪਣੇ ਘਰ ਹੀ ਪੂਰੇ 14 ਦਿਨ ਇਕਾਂਤਵਾਸ ਰਹਿਣਾ ਜ਼ਰੂਰੀ ਹੈ ਅਤੇ ਤੀਸਰਾ ਉਹ ਕੋਵਿਡ ਪੀੜਤ ਜਿਨ੍ਹਾਂ ਨੂੰ 10 ਦਿਨ ਆਈਸੋਲੇਸ਼ਨ ਵਾਰਡ ’ਚ ਰੱਖਣ ਬਾਅਦ ਅਗਲੇ 7 ਦਿਨ ਆਪਣੇ ਘਰ ’ਚ ਪੂਰੇ ਕਰਨ ਦੀ ਹਦਾਇਤ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨਾਂ ’ਚ ਇਕਾਂਤਵਾਸ ਤੋੜਨ ਵਾਲੇ ਦੋ ਵਿਅਕਤੀਆਂ ’ਤੇ ਐਫ ਆਈ ਆਰ ਹੋ ਚੁੱਕੀ ਹੈ ਜਦਕਿ ਕਲ੍ਹ ਤਿੰਨ ਵਿਅਕਤੀਆਂ ’ਚੋਂ ਦੋ ਦਾ ਇੱਕ-ਇੱਕ ਹਫ਼ਤੇ ਦਾ ਇਕਾਂਤਵਾਸ ਵਧਾਇਆ ਗਿਆ ਅਤੇ ਇੱਕ ਨੂੰ ਤਾੜਨਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਹੁਣ ਤੱਕ 5242 ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ ’ਚੋਂ 119 ਪਾਜ਼ਿਟਿਵ, 4813 ਨੈਗੇਟਿਵ ਅਤੇ 310 ਬਕਾਇਆ ਹਨ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਇਲੈਕਟ੍ਰਾਨੀਕਲੀ ਵੀ ਇਕਾਂਤਵਾਸ ਤੋੜਨ ਵਾਲਿਆਂ ਦੀ ਜਾਣਕਾਰੀ ਰੱਖੀ ਜਾਂਦੀ ਹੈ।ਡਿਪਟੀ ਕਮਿਸ਼ਨਰ ਨੇ ਮੀਟਿੰਗ ਨੂੰ ਸਮੇਟਦਿਆਂ ਕਿਹਾ ਕਿ ਸਾਡਾ ਸਭ ਦਾ ਇੱਕੋ ਮੰਤਵ ਜ਼ਿਲ੍ਹੇ ਨੂੰ ਸਥਾਨਕ ਪੱਧਰ ਦੇ ਬਿਮਾਰੀ ਦੇ ਫ਼ੈਲਾਅ ਨੂੰ ਬਣਾਉਣਾ ਹੈ ਅਤੇ ਇਸ ਲਈ ਕਿਸੇ ਵੀ ਉਲੰਘਣਾ ਕਰਨ ਵਾਲੇ ਲਿਹਾਜ਼ ਨਾ ਕੀਤਾ ਜਾਵੇ ਅਤੇ ਬਣਦੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇ।