ਮਿਸ਼ਨ ਫ਼ਤਿਹ ਤਹਿਤ ਜ਼ਿਲ੍ਹਾ ਪੁਲਿਸ ਵਲੋ ਕੋਵਿਡ ਚੌਕਸੀ ਲਈ 'ਸਾਡਾ ਪਿੰਡ, ਸਾਡੀ ਜ਼ਿੰਮੇਂਵਾਰੀ' ਮੁਹਿੰਮ ਦੀ ਸ਼ੁਰੂਆਤ
ਐਸ ਐਸ ਪੀ ਅਲਕਾ ਮੀਨਾ ਵਲੋਂ ਮੁਹਿੰਮ ਤਹਿਤ ਹਰੇਕ ਪਿੰਡ/ਵਾਰਡ ਵਿੱਚ 'ਵਿਲੇਜ ਮਿਸ਼ਨ ਫ਼ਤਿਹ ਟੀਮ' ਦਾ ਗਠਨ
5 Dariya News
ਨਵਾਂਸ਼ਹਿਰ 12-Jun-2020
ਜ਼ਿਲ੍ਹਾ ਪੁਲਿਸ ਸ਼ਹੀਦ ਭਗਤ ਸਿੰਘ ਨਗਰ ਨੇ ਮਿਸ਼ਨ ਫ਼ਤਿਹ ਤਹਿਤ ਅੱਜ ਨਿਵੇਕਲਾ ਉਪਰਾਲਾ ਕਰਦਿਆਂ ਕੋਵਿਡ ਚੌਕਸੀ ਲਈ ਜ਼ਿਲ੍ਹੇ ਵਿੱਚ 'ਸਾਡਾ ਪਿੰਡ, ਸਾਡੀ ਜ਼ਿੰਮੇਂਵਾਰੀ' ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੁਹਿੰਮ ਤਹਿਤ ਹਰੇਕ ਪਿੰਡ ਵਿੱਚ 'ਵਿਲੇਜ ਮਿਸ਼ਨ ਫ਼ਤਿਹ ਟੀਮ' ਦਾ ਗਠਨ ਕੀਤਾ ਗਿਆ ਹੈ, ਜੋ ਕਿ ਪਿੰਡ/ਵਾਰਡ ਨੂੰ ਕੋਵਿਡ ਤੋਂ ਮੁਕਤ ਰੱਖਣ ਲਈ ਮਹੱਤਵਪੂਰਨ ਭੂਮਿਕਾ ਨਿਭਾਏਗੀ।ਅੱਜ ਆਪਣੇ ਦਫ਼ਤਰ ਵਿਖੇ ਇਸ ਮੁਹਿੰਮ ਦੀ ਸ਼ੁਰੂਆਤ ਮੌਕੇ ਉਨ੍ਹਾਂ ਦੱਸਿਆ ਕਿ ਲਾਕਡਾਊਨ ਨਿਯਮਾਂ ਵਿੱਚ ਢਿੱਲ ਦਿੱਤੇ ਜਾਣ ਬਾਅਦ ਅੰਤਰਰਾਜ਼ੀ ਆਵਾਜਾਈ ਵਿੱਚ ਵਿਆਪਕ ਵਾਧਾ ਹੋਇਆ ਹੈ ਅਤੇ ਵਿਦੇਸ਼ਾਂ ਤੋਂ ਭਾਰਤੀਆਂ ਦੇ ਪਰਤਣ ਨਾਲ ਇਕਾਂਤਵਾਸ ਦੀ ਜ਼ਿੰਮੇਂਵਾਰੀ ਵੀ ਵੱਧ ਗਈ ਹੈ। ਇਸ ਤੋਂ ਇਲਾਵਾ ਪਾਜ਼ਿਟਿਵ ਮਰੀਜ਼ਾਂ ਨੂੰ ਕੋਵਿਡ ਕੇਅਰ ਸੈਂਟਰ ਵਿਚੋਂ ਘਰ ਭੇਜਣ ਬਾਅਦ ਇੱਕ ਹਫ਼ਤੇ ਦਾ ਘਰੇਲੂ ਇਕਾਂਤਵਾਸ ਵੀ ਲਾਜ਼ਮੀ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੇ ਹਾਲਤਾਂ ਦੌਰਾਨ ਕਈ ਵਾਰ ਇਕਾਂਤਵਾਸ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਸਾਹਮਣੇ ਆਉਂਦੇ ਹਨ। ਅਜਿਹੇ ਲੋਕਾਂ ਦੇ ਇਕਾਂਤਵਾਸ ਤੋੜਨ ਨਾਲ ਨੇੜਲੀ ਵਸੋਂ ਵਿੱਚ ਕੋਵਿਡ ਫੈਲਣ ਦਾ ਖਤਰਾ ਵੀ ਬਣ ਜਾਂਦਾ ਹੈ।ਉਨਾਂਹ ਦੱਸਿਆ ਕਿ ਜ਼ਿਲ੍ਹੇ ਵਿੱਚ 'ਵਿਲੇਜ ਮਿਸ਼ਨ ਫ਼ਤਿਹ ਟੀਮ' ਇਕਾਂਤਵਾਸ ਨੂੰ ਰੋਕਣ ਵਿੱਚ ਸਭ ਤੋਂ ਕਾਰਗਰ ਹਥਿਆਰ ਸਾਬਿਤ ਹੋਵੇਗੀ, ਕਿਉਂਕਿ ਜੋ ਇਸ ਟੀਮ ਦੇ ਮੈਂਬਰਾਂ ਵਿੱਚ ਪਿੰਡ ਪੱਧਰ ਦੇ ਲੋਕਾਂ ਨੂੰ ਮੈਂਬਰ ਵਜੋਂ ਸ਼ਾਮਿਲ ਕੀਤਾ ਜਾਵੇਗਾ, ਜੋ ਕਿ ਬਾਹਰੋ ਆਉਣ ਵਾਲੇ ਹਰੇਕ ਵਿਅਕਤੀ ਬਾਰੇ ਸੂਚਨਾ ਦਿੰਦੇ ਰਹਿਣਗੇ। ਉਨ੍ਹਾਂ ਦੱਸਿਆ ਕਿ 'ਵਿਲੇਜ ਮਿਸ਼ਨ ਫ਼ਤਿਹ ਟੀਮ' ਵਿੱਚ ਐਸ.ਐਚ.ਓ., ਵਿਲੇਜ ਪੁਲਿਸ ਅਫ਼ਸਰ, ਸਰਪੰਚ ਅਤੇ 2 ਪੰਚ (ਸ਼ਹਿਰ ਦੇ ਕੇਸ ਵਿੱਚ ਐਮ. ਸੀ ਅਤੇ ਵਾਰਡ ਕੌਂਸਲਰ), ਪੰਜਾਬ ਪੁਲਿਸ ਵਾਲੰਟੀਅਰ, ਯੂਥ ਕਲੱਬ/ਖੇਡ ਕਲੱਬ ਮੈਂਬਰ, ਸਾਬਕਾ ਸੈਨਿਕ, ਕੋਈ ਵੀ ਪਿੰਡ/ਵਾਰਡ ਨਾਲ ਸਬੰਧਤ ਸਰਕਾਰੀ ਕਰਮਚਾਰੀ ਜੋ ਸਵੈ ਇੱਛਕ ਤੌਰ 'ਤੇ ਮੈਂਬਰ ਬਣਨਾ ਚਾਹੁੰਦਾ ਹੋਵੇ ਆਦਿ ਮੈਂਬਰ ਹੋਣਗੇ।ਉਨ੍ਹਾਂ ਦੱਸਿਆ ਕਿ 'ਵਿਲੇਜ ਮਿਸ਼ਨ ਫ਼ਤਿਹ ਟੀਮਾਂ' ਅੰਤਰ ਜ਼ਿਲ੍ਹਾ ਨਾਕਿਆਂ 'ਤੇ ਬਾਹਰੋ ਆਉਣ ਵਾਲੇ ਵਿਅਕਤੀਆਂ ਦੀ ਬਣਦੀ ਸੂਚੀ ਦੇ ਕੰਮ ਵਿੱਚ ਵਧੀਕ ਤੌਰ 'ਤੇ ਆਪਣੇ ਪਿੰਡੋਂ ਸਹਿਯੋਗ ਕਰਨਗੇ। ਉਨ੍ਹਾਂ ਦੱਸਿਆ ਕਿ ਇਹ ਟੀਮਾਂ ਪਿੰਡਾਂ/ਵਾਰਡਾਂ ਵਿੱਚ ਕੋਵਿਡ ਕੰਟਰੋਲ ਲਈ ਵਰਤਣੀਆਂ ਜਾਣ ਵਾਲੀਆਂ ਸਾਵਧਾਨੀਆਂ ਜਿਵੇਂ ਕਿ ਕੋਵਾ ਐਪ ਡਾਊਨਲੋਡ, ਮਾਸਕ ਪਹਿਨਣਾ, ਸਮਾਜਿਕ ਦੂਰੀ, ਹੱਥਾਂ ਦੀ ਸਾਫ਼ ਸਫ਼ਾਈ ਨੂੰ ਯਕੀਨੀ ਬਣਾਉਣ ਤੋਂ ਇਲਾਵਾ ਇਕਾਂਤਵਾਸ ਨੇਮਾਂ ਨੂੰ ਭੰਗ ਕਰਨ ਵਾਲੇ ਵਿਅਕਤੀਆਂ ਬਾਰੇ ਪੁਲਿਸ ਕੰਟਰੋਲ ਰੂਮ ਨੰ: 112, ਵਟਸਐਪ ਨੰ: 8360833805, ਜ਼ਿਲ੍ਹਾ ਪੁਲਿਸ ਦੇ ਹੈਲਪ ਲਾਇਨ ਨੰਬਰਾਂ 01823 508063, 226524, 8872123100 ਤੇ ਕੋਵਿਡ ਕੰਟਰੋਲ ਰੂਮ ਨੰੰਬਰਾਂ 01823227470, 227471 'ਤੇ ਜਾਣਕਾਰੀ ਦੇਣਗੇ। ਉਨ੍ਹਾਂ ਦੱਸਿਆ ਕਿ ਇਹ 'ਵਿਲੇਜ ਮਿਸ਼ਨ ਫ਼ਤਿਹ ਟੀਮ' ਮਿਸ਼ਨ ਫ਼ਤਿਹ ਦੀ ਮੂਲ ਭਾਵਨਾ ਅਨੁਸਾਰ ਜ਼ਿਲ੍ਹੇ ਨੂੰ ਕੋਵਿਡ ਤੋਂ ਮੁਕਤ ਕਰਨ ਲਈ ਅਹਿਮ ਕੜੀ੍ਹ ਸਾਬਿਤ ਹੋਵੇਗੀ।ਇਸ ਮੌਕੇ ਉਨ੍ਹਾਂ ਨਾਲ ਐਸ.ਪੀ. (ਐਚ) ਮਨਵਿੰਦਰਵੀਰ ਸਿੰਘ ਅਤੇ ਡੀ.ਐਸ.ਪੀ. ਦੀਪਿਕਾ ਸਿੰਘ ਸ਼ਾਮਿਲ ਸਨ।