ਪ੍ਰੀਤ ਕੰਵਲ ਸਿੰਘ ਸੈਣੀ ਭਾਜਪਾ ਕਿਸਾਨ ਮੋਰਚੇ ਮੋਹਾਲੀ ਦੇ ਜਿਲ੍ਹਾ ਪ੍ਰਧਾਨ ਨਿਯੁਕਤ
5 Dariya News
ਖਰੜ 09-Jun-2020
ਭਾਜਪਾ ਪੰਜਾਬ ਦੇ ਕਿਸਾਨ ਮੋਰਚਾ ਸੂਬਾ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ ਵੱਲੋਂ ਖਰੜ ਦੇ ਭਾਜਪਾ ਆਗੂ ਤੇ ਸਾਬਕਾ ਕੌਂਸਲਰ ਪ੍ਰੀਤ ਕੰਵਲ ਸਿੰਘ ਸੈਣੀ ਨੂੰ ਜਿਲ੍ਹਾ ਕਿਸਾਨ ਮੋਰਚਾ ਮੋਹਾਲੀ ਦਾ ਪ੍ਰਧਾਨ ਨਾਮਜਦ ਕੀਤਾ ਹੈ। ਪਹਿਲਾਂ ਪ੍ਰੀਤ ਕੰਵਲ ਸਿੰਘ ਸੈਣੀ ਭਾਜਪਾ ਮੰਡਲ ਖਰੜ ਦੇ ਜਨਰਲ ਸਕੱਤਰ ਤੇ ਜਿਲ੍ਹਾ ਕਿਸਾਨ ਮੋਰਚਾ ਦੇ ਉਪ ਪ੍ਰਧਾਨ ਦੀ ਜਿੰਮੇਵਾਰੀ ਵੀ ਨਿਭਾ ਚੁੱਕੇ ਹਨ।ਇਸ ਮੌਕੇ ਬੋਲਦਿਆਂ ਪ੍ਰੀਤ ਕੰਵਲ ਸਿੰਘ ਸੈਣੀ ਨੇ ਕਿਹਾ ਕਿ ਉਹ ਜਿਮੀਦਾਰ ਪਰਿਵਾਰ ਤੋਂ ਹੋਣ ਕਰਕੇ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਭਲੀ ਭਾਂਤੀ ਜਾਣਦੇ ਹਨ ਤੇ ਕਿਸਾਨ ਦੀ ਆਵਾਜ਼ ਭਾਜਪਾ ਦੀ ਕੇਂਦਰ ਸਰਕਾਰ ਤਕ ਪਹੁੰਚਾਣ ਲਈ ਕੰਮ ਕਰਨ ਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਲਈ ਇਹ ਸਮਾਂ ਮੁਸ਼ਕਿਲਾਂ ਭਰਿਆ ਹੈ ਕਿਉਂਕਿ ਕਰੋਨਾ ਕਾਰਣ ਲੇਬਰ ਆਪਣੇ ਆਪਣੇ ਘਰਾਂ ਨੂੰ ਜਾਣ ਕਰਕੇ ਲੇਬਰ ਦੀ ਬਹੁਤ ਘਾਟ ਮਹਿਸੂਸ ਹੋ ਰਹੀ ਹੈ, ਜਿਸ ਕਾਰਣ ਝੋਨੇ ਦੀ ਬਿਜਾਈ ਲਈ ਬਹੁਤ ਵੱਡੀ ਸਮੱਸਿਆ ਆਉਣ ਵਾਲੀ ਹੈ ਕਿਉਂਕਿ ਲੋਕਲ ਲੇਬਰ ਦਿਹਾੜੀ ਵੀ ਜਿਆਦਾ ਮੰਗ ਰਹੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਝੋਨੇ ਦੀ ਬਿਜਾਈ ਲਈ ਦੂਜੇ ਢੰਗ ਤਰੀਕੇ ਅਪਣਾਉਣੇ ਪੈਣਗੇ। ਇਸ ਲਈ ਡੀ ਐਸ ਆਰ ਪ੍ਰਣਾਲੀ ਲਾਹੇਵੰਦ ਸਾਬਤ ਹੋ ਸਕਦੀ ਹੈ ਜਿਸ ਵਿਚ ਜਿਆਦਾ ਲੇਬਰ ਦੀ ਵੀ ਜਰੂਰਤ ਨਹੀਂ। ਝੋਨੇ ਦੀ ਲੁਆਈ ਸਿੱਧੀ ਖੇਤ ਵਿਚ ਕੀਤੀ ਜਾ ਸਕਦੀ ਹੈ ਤੇ ਪਾਣੀ ਦੀ ਵੀ ਬੱਚਤ ਹੁੰਦੀ ਹੈ ਤੇ ਖਰਚਾ ਵੀ ਅੱਧਾ ਹੀ ਹੁੰਦਾ ਹੈ। ਇਹੋ ਸਮੇਂ ਦੀ ਮੰਗ ਹੈ।ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਹਰ ਮੋਕੇ ਤੇ ਕਿਸਾਨਾਂ ਨਾਲ ਖੜੀ ਹੈ ਤੇ ਸਾਲ ਦਰ ਸਾਲ ਫਸਲਾਂ ਦੀਆਂ ਕੀਮਤਾਂ ਵਿਚ ਵਾਧਾ ਵੀ ਕਰਦੀ ਰਹਿੰਦੀ ਹੈ।ਇਸ ਮੌਕੇ ਉਨ੍ਹਾਂ ਖੁਸ਼ੀ ਜਾਹਰ ਕਰਦਿਆਂ ਭਾਜਪਾ ਕੇਂਦਰੀ ਲੀਡਰਸ਼ਿਪ ਸਮੇਤ ਪੰਜਾਬ ਪ੍ਰਦੇਸ਼ ਪ੍ਰਧਾਨ ਸ਼੍ਰੀ ਅਸ਼ਵਨੀ ਸ਼ਰਮਾ, ਪ੍ਰਦੇਸ਼ ਕਿਸਾਨ ਮੋਰਚਾ ਪ੍ਰਧਾਨ ਸ ਬਿਕਰਮਜੀਤ ਸਿੰਘ ਚੀਮਾ, ਪੰਜਾਬ ਕਾਰਜਕਾਰਨੀ ਦੇ ਮੈਂਬਰ ਸ ਸੁਖਵਿੰਦਰ ਸਿੰਘ ਗੋਲਡੀ, ਜਿਲ੍ਹਾ ਪ੍ਰਧਾਨ ਸ਼੍ਰੀ ਸੁਸ਼ੀਲ ਰਾਣਾ, ਨਰਿੰਦਰ ਰਾਣਾ, ਮੰਡਲ ਖਰੜ ਪ੍ਰਧਾਨ ਪਵਨ ਮਨੋਚਾ ਦਾ ਵੀ ਤਹਿ ਦਿਲ ਤੋਂ ਧੰਨਵਾਦ ਕੀਤਾ।