ਸ਼ਹੀਦਾਂ ਦੀ ਧਰਤੀ ਫ਼ਤਹਿਗੜ੍ਹ ਸਾਹਿਬ ਦੇ ਵਿਕਾਸ ਵਿੱਚ ਨਹੀਂ ਛੱਡੀ ਜਾਵੇਗੀ ਕੋਈ ਕਸਰ: ਕੁਲਜੀਤ ਸਿੰਘ ਨਾਗਰਾ
ਵੱਖ-ਵੱਖ ਵਿਕਾਸ ਕਾਰਜ ਜੰਗੀ ਪੱਧਰ ਉਤੇ ਜਾਰੀ
5 Dariya News
ਫ਼ਤਹਿਗੜ੍ਹ ਸਾਹਿਬ 09-Jun-2020
ਸ਼ਹੀਦਾਂ ਦੀ ਧਰਤੀ ਫ਼ਤਹਿਗੜ੍ਹ ਸਾਹਿਬ ਵਿਖੇ ਵੱਖ-ਵੱਖ ਵਿਕਾਸ ਕਾਰਜ ਜੰਗੀ ਪੱਧਰ ਉਤੇ ਜਾਰੀ ਹਨ ਤੇ ਇਸ ਸਬੰਧੀ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਨੇ ਭੈਰੋਂਪੁਰ ਬਾਈਪਾਸ ਤੋਂ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਤੱਕ ਦੀ 03.05 ਕਿਲੋਮੀਟਰ ਲੰਮੀ ਸੜਕ ਨੂੰ 50 ਫੁੱਟ ਚੌੜੀ ਕਰਨ ਦੇ ਨਾਲ-ਨਾਲ ਇਸ ਸੜਕ ਉਤੇ ਕਰੀਬ ਡੇਢ ਫੁੱਟ ਚੌੜਾ ਅਤੇ ਕਰੀਬ ਚਾਰ ਫੁੱਟ ਉੱਚਾ ਡਿਵਾਈਡਰ ਬਣਾਏ ਜਾਣ ਦੀ ਸ਼ੁਰੂਆਤ ਕਰਵਾਉਂਦਿਆਂ ਕੀਤੀ। ਉਨ੍ਹਾਂ ਕਿਹਾ ਕਿ ਸ਼ਹੀਦੀ ਸਭਾ ਸਬੰਧੀ ਇਹ ਸੜਕ ਸਭ ਤੋਂ ਅਹਿਮ ਸੜਕਾਂ ਵਿੱਚੋਂ ਇੱਕ ਹੈ ਤੇ ਆਮ ਤੌਰ 'ਤੇ ਵੀ ਚੰਡੀਗੜ੍ਹ ਤੇ ਐਸ.ਏ.ਐਸ. ਨਗਰ ਵੱਲੋਂ ਫ਼ਤਹਿਗੜ੍ਹ ਸਾਹਿਬ ਆਉਣ ਵਾਲਿਆਂ ਲਈ ਇਹੀ ਮੁੱਖ ਸੜਕ ਹੈ।ਸ. ਨਾਗਰਾ ਨੇ ਕਿਹਾ ਕਿ ਭੈਰੋਂਪੁਰ ਬਾਈਪਾਸ ਤੋਂ ਲੈ ਕੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਤੋਂ ਜੋਤੀ ਸਰੂਪ ਮੋੜ ਤੋਂ ਚਾਰ ਨੰਬਰ ਚੁੰਗੀ ਤੋਂ ਚਾਵਲਾ ਚੌਕ ਜੀ.ਟੀ. ਰੋਡ ਤੱਕ ਸੜਕ ਨੂੰ ਕਰੀਬ 21 ਕਰੋੜ ਰੁਪਏ ਦੀ ਲਾਗਤ ਨਾਲ ਚੌੜਾ ਕਰ ਕੇ ਚਹੁੰ ਮਾਰਗੀ ਕਰਨ ਦਾ ਕੰਮ ਜੰਗੀ ਪੱਧਰ ਉਤੇ ਜਾਰੀ ਹੈ। ਇਸ ਦੇ ਨਾਲ-ਨਾਲ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਪੰਜ ਕਿਲੋਮੀਟਰ ਘੇਰੇ ਵਿਚਲੀਆਂ ਸੜਕਾਂ ਨੂੰ ਚੌੜਾ ਕਰ ਕੇ ਸੜਕਾਂ ਦੀ ਨੁਹਾਰ ਬਦਲੀ ਗਈ ਹੈ। ਇਸ ਦੇ ਨਾਲ-ਨਾਲ ਸੀਵਰੇਜ ਪਾਉਣ ਦਾ ਕੰਮ ਵੀ ਜੰਗੀ ਪੱਧਰ ਉਤੇ ਜਾਰੀ ਹੈ।ਸ. ਨਾਗਰਾ ਨੇ ਕਿਹਾ ਕਿ ਫ਼ਤਹਿਗੜ੍ਹ ਸਾਹਿਬ ਵਿਖੇ ਵੱਖ-ਵੱਖ ਧਰਮਾਂ ਨਾਲ ਸਬੰਧੀ ਅਹਿਮ ਇਤਿਹਾਸਕ ਸਥਾਨ ਮੌਜੂਦ ਹਨ ਤੇ ਇਹ ਗੱਲ ਯਕੀਨੀ ਬਣਾਈ ਜਾ ਰਹੀ ਹੈ ਕਿ ਇੱਥੇ ਆਉਣ ਵਾਲੇ ਸ਼ਰਧਾਲੂਆਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਸ਼ਹਿਰ ਦੇ ਸੁੰਦਰੀਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।ਸ. ਨਾਗਰਾ ਨੇ ਕਿਹਾ ਕਿ ਚਾਹੇ ਕਿਸੇ ਵੀ ਕਿਸਮ ਦੇ ਹਾਲਾਤ ਰਹੇ ਹੋਣ ਇਸ ਇਤਿਹਾਸਕ ਧਰਤੀ ਦੇ ਵਿਕਾਸ ਕਾਰਜ ਲਗਾਤਾਰ ਜਾਰੀ ਰਹੇ ਹਨ ਤੇ ਇਸ ਦੌਰਾਨ ਕੋਰੋਨਾ ਤੋਂ ਬਚਾਅ ਸਬੰਧੀ ਸਾਰੀਆਂ ਸਾਵਧਾਨੀਆਂ ਦੀ ਪਾਲਣਾ ਯਕੀਨੀ ਬਣਾਈ ਜਾ ਰਹੀ ਹੈ।ਇਸ ਮੌਕੇ ਪੀ.ਆਰ.ਟੀ. ਡਾਇਰੈਕਟਰ ਸੁਭਾਸ਼ ਸੂਦ, ਐਕਸੀਅਨ ਯੁਵਰਾਜ ਬਿੰਦਰਾ ਸਿੰਘ, ਐਸ.ਡੀ.ਓ. ਸੁਰੇਸ਼ ਕੁਮਾਰ, ਜੇ.ਈ. ਤੇਜਪਾਲ ਸਿੰਘ ਵਿਰਕ, ਜੇ.ਈ. ਕ੍ਰਿਸ਼ਨ ਗੋਪਾਲ ਗਿੱਲ, ਅਸ਼ੋਕ ਸੂਦ, ਗੁਰਪ੍ਰੀਤ ਸਿੰਘ ਲਾਲੀ, ਪਵਨ ਕਾਲੜਾ, ਨਰਿੰਦਰ ਕੁਮਾਰ ਪ੍ਰਿੰਸ, ਆਨੰਦ ਮੋਹਨ, ਅਮਰਦੀਪ ਸਿੰਘ ਬੈਨੀਪਾਲ, ਸੁਰਜੀਤ ਕੁਮਾਰ, ਜਗਜੀਤ ਸਿੰਘ ਕੋਕੀ ਅਤੇ ਹਰਿਆਣਾ ਰਾਮ ਵੀ ਹਾਜ਼ਰ ਸਨ।