5 Dariya News

'ਮਿਸ਼ਨ ਫ਼ਤਿਹ' ਨੂੰ ਅਸਰਦਾਰ ਢੰਗ ਨਾਲ ਲਾਗੂ ਕਰਨ ਲਈ ਉਚ ਤਾਕਤੀ ਕਮੇਟੀ ਦਾ ਗਠਨ

ਕਮੇਟੀ ਵਲੋਂ ਸੂਬਾ ਸਰਕਾਰ ਦੇ 'ਮਿਸ਼ਨ ਫ਼ਤਿਹ' ਤਹਿਤ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਦੀ ਰੂਪ ਰੇਖਾ ਉਲੀਕੀ ਜਾਵੇਗੀ

5 Dariya News

ਜਲੰਧਰ 09-Jun-2020

ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ, ਪੁਲਿਸ ਕਮਿਸ਼ਨਰ ਜਲੰਧਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਅਤੇ ਐਸ.ਐਸ.ਪੀ.ਸ੍ਰੀ ਨਵਜੋਤ ਸਿੰਘ ਮਾਹਲ ਵਲੋਂ ਜ਼ਿਲ੍ਹੇ ਵਿੱਚ 'ਮਿਸ਼ਨ ਫ਼ਤਿਹ' ਨੂੰ ਅਸਰਦਾਰ ਢੰਗ ਨਾਲ ਲਾਗੂ ਕਰਨ ਲਈ ਅਸਟੇਟ ਅਫ਼ਸਰ ਜਲੰਧਰ ਵਿਕਾਸ ਅਥਾਰਟੀ ਨਵਨੀਤ ਕੌਰ ਬੱਲ ਦੀ ਦੇਖ-ਰੇਖ ਵਿੱਚ ਉਚ ਤਾਕਤੀ ਕਮੇਟੀ ਦਾ ਗਠਨ ਕੀਤਾ ਗਿਆ। ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ, ਪੁਲਿਸ ਕਮਿਸ਼ਨਰ ਅਤੇ ਐਸ.ਐਸ.ਪੀ.ਨੇ ਕਿਹਾ ਕਿ ਕਮੇਟੀ ਵਿੱਚ ਪੀ.ਸੀ.ਐਸ.ਅਧਿਕਾਰੀ ਹਰਚਰਨ ਸਿੰਘ ਅਤੇ ਹਰਜੀਤ ਸਿੰਘ, ਡਿਪਟੀ ਕਮਿਸ਼ਨਰ ਪੁਲਿਸ ਜਲੰਧਰ ਗੁਰਮੀਤ ਸਿੰਘ, ਐਸ.ਪੀ., ਡਿਪਟੀ ਡਾਇਰੈਕਟਰ ਲੋਕ ਸੰਪਰਕ ਵਿਭਾਗ ਮਨਵਿੰਦਰ ਸਿੰਘ, ਸਹਾਇਕ ਲੋਕ ਸੰਪਰਕ ਅਫ਼ਸਰ ਜਤਿੰਦਰ ਕੋਹਲੀ, ਜ਼ਿਲ੍ਹਾ ਸਿੱਖਿਆ ਅਫ਼ਸਰ ਹਰਿੰਦਰਪਾਲ ਸਿੰਘ ਅਤੇ ਰਾਮਪਾਲ ਸੈਣੀ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਏ.ਐਸ.ਭੁੱਲਰ, ਸੰਯੁਕਤ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਪਰਮਜੀਤ ਸਿੰਘ, ਜ਼ਿਲ੍ਹਾ ਗਾਈਡੈਂਸ ਕਾਊਂਸਲਰ ਸੁਰਜੀਤ ਲਾਲ ਅਤੇ ਹੋਰ ਮੈਂਬਰ ਸ਼ਾਮਿਲ ਹੋਣਗੇ। ਉਨ੍ਹਾਂ ਕਿਹਾ ਕਿ ਕਮੇਟੀ ਵਲੋਂ ਜ਼ਿਲ੍ਹੇ ਵਿੱਚ ਮਿਸ਼ਨ ਫ਼ਤਿਹ ਨੂੰ ਲਾਗੂ ਕਰਨ ਸਬੰਧੀ ਸਾਰੇ ਕੰਮਾਂ ਦੀ ਦੇਖਰੇਖ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ੁਰੂ ਕੀਤੇ ਗਏ ਇਸ ਅਹਿਮ ਪ੍ਰੋਗਰਾਮ ਤਹਿਤ ਕਮੇਟੀ ਵਲੋਂ ਕੀਤੇ ਜਾਣ ਵਾਲੀਆਂ ਗਤੀਵਿਧੀਆਂ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ, ਪੁਲਿਸ ਕਮਿਸ਼ਨਰ ਅਤੇ ਐਸ.ਐਸ.ਪੀ.ਨੇ ਕਿਹਾ ਕਿ ਇਹ ਮੁਢੱਲਾ ਫਰਜ਼ ਹੈ ਕਿ ਲੋਕਾਂ ਵਿਚਕਾਰ ਕੋਵਿਡ-19 ਮਹਾਂਮਾਰੀ ਖਿਲਾਫ਼ ਵੱਡੇ ਪੱਧਰ 'ਤੇ ਜਾਗਰੂਕਤਾ ਪੈਦਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਸੁਰੱਖਿਅਤ ਅਤੇ ਚੌਕਸ ਰਹਿਣ ਪ੍ਰਤੀ ਜਾਗਰੂਕ ਕਰਕੇ ਸੂਬਾ ਸਰਕਾਰ ਅਤੇ ਲੋਕਾਂ ਵਿਚਕਾਰ ਅਹਿਮ ਭੂਮਿਕਾ ਨਿਭਾਈ ਜਾਵੇਗੀ।  ਉਨ੍ਹਾਂ ਕਿਹਾ ਕਿ 'ਮਿਸ਼ਨ ਫ਼ਤਿਹ' ਦਾ ਮੁੱਖ ਮੰਤਵ ਕੋਵਿਡ-19 ਖਿਲਾਫ਼ ਲੜਾਈ ਦਾ ਮੋਹਰਲੀਆਂ ਕਤਾਰਾਂ ਵਿੱਚ ਸਾਹਮਣਾ ਕਰ ਰਹੇ ਕੋਰੋਨਾ ਯੋਧਿਆਂ ਤੋਂ ਅੱਗੇ ਲਿਜਾ ਕੇ ਇਸ ਨੂੰ ਇਕ ਜਨ ਲਹਿਰ ਵਿੱਚ ਤਬਦੀਲ ਕਰਨਾ ਹੈ।

 ਡਿਪਟੀ ਕਮਿਸ਼ਨਰ, ਪੁਲਿਸ ਕਮਿਸ਼ਨਰ ਅਤੇ ਐਸ.ਐਸ.ਪੀ.ਨੇ ਕਿਹਾ ਕਿ ਮੁਹਿੰਮ ਦੌਰਾਨ ਕੋਵਿਡ-19 ਵਾਇਰਸ ਦੇ ਖ਼ਤਰਿਆਂ ਦੀ ਪਹਿਚਾਣ ਵੱਲ ਵਿਸ਼ੇਸ਼ ਤਵੱਜੋਂ ਦਿੱਤੀ ਜਾਵੇਗੀ ਜੋ ਕਿ ਲਗਾਤਾਰ ਲੋਕਾਂ ਲਈ ਖ਼ਤਰਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਉਦਾਹਰਣਾ , ਸਲਾਹਾਂ ਅਤੇ ਹੋਰ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਨੂੰ ਅਪਣਾਉਣ ਲਈ ਉਤਸ਼ਾਹਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 'ਮਿਸ਼ਨ ਫ਼ਤਿਹ' ਪੰਜਾਬੀ ਦੀ ਚੜ੍ਹਦੀ ਕਲ੍ਹਾ ਦਾ ਪ੍ਰਤੀਕ ਹੈ ਜੋ ਸਾਰੀਆਂ ਔਖੀਆਂ ਘੜੀਆਂ ਵਿੱਚ ਸੂਬੇ ਨੂੰ ਇਕ ਜੇਤੂ ਵਜੋਂ ਉਭਾਰੇਗਾ। ਡਿਪਟੀ ਕਮਿਸ਼ਨਰ, ਪੁਲਿਸ ਕਮਿਸ਼ਨਰ ਅਤੇ ਐਸ.ਐਸ.ਪੀ.ਨੇ ਕਿਹਾ ਕਿ 'ਮਿਸ਼ਨ ਫ਼ਤਿਹ' ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਕੇ ਨਤੀਜਾ ਦਾਇਕ ਬਣਾਉਣ ਲਈ ਸੂਚਨਾ ਤੇ ਲੋਕ ਸੰਪਰਕ ਵਿਭਾਗ ਵਲੋਂ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਸਬੰਧੀ ਵਿਆਪਕ ਰੂਪ ਰੇਖਾ ਤਿਆਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮਿਸ਼ਨ ਫ਼ਤਿਹ ਪੰਜਾਬ ਦੇ ਲੋਕਾਂ ਵਲੋਂ ਨੋਵਲ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਅਨੁਸ਼ਾਸਨ, ਸਹਿਯੋਗ ਅਤੇ ਗਰੀਬਾਂ ਪ੍ਰਤੀ ਦਇਆ ਨਾਲ ਫੈਲਣ ਤੋਂ ਰੋਕਣ ਵਿੱਚ ਇਕ ਦ੍ਰਿੜ ਸਕੰਲਪ ਦੇ ਰੂਪ ਵਿੱਚ ਉਭਰੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਵਲੋਂ ਇਸ ਮਿਸ਼ਨ ਤਹਿਤ ਲਾਕਡਾਊਨ ਦੌਰਾਨ ਲਗਾਈਆਂ ਗਈਆਂ ਪਾਬੰਦੀਆਂ ਦੀ ਸੂਬਾ ਸਰਕਾਰ ਨਾਲ ਸਹਿਯੋਗ ਰਾਹੀਂ ਪਾਲਣਾ, ਸਾਰਿਆਂ ਦੀ ਸੁਰੱਖਿਆ ਲਈ ਮੈਡੀਕਲ ਪ੍ਰੋਟੋਕਾਲ ਅਤੇ ਲੋੜਵੰਦ ਤੇ ਗਰੀਬਾਂ ਪ੍ਰਤੀ ਦਾਇਆ ਭਾਵਨਾ ਅਪਣਾਉਣ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਅਤੇ ਜਸਬੀਰ ਸਿੰਘ, ਮੁੱਖ ਕਾਰਜਕਾਰੀ ਅਫ਼ਸਰ ਸਮਾਰਟ ਸਿਟੀ ਡਾ.ਸੀਨਾ ਅਗਰਵਾਲ, ਡਿਪਟੀ ਕਮਿਸ਼ਨਰ ਪੁਲਿਸ ਗੁਰਮੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ ਪੁਲਿਸ ਵਤਸਲਾ ਗੁਪਤਾ, ਐਸ.ਪੀ. ਰਵੀ ਕੁਮਾਰ, ਆਰ.ਪੀ.ਐਸ.ਸੰਧੂ ਅਤੇ ਸਰਬਜੀਤ ਸਿੰਘ ਬਾਹੀਆ, ਉਪ ਮੰਡਲ ਮੈਜਿਸਟਰੇਟ ਰਾਹੁਲ ਸਿੰਧੂ, ਗੌਤਮ ਜੈਨ, ਡਾ.ਸੰਜੀਵ ਸ਼ਰਮਾ, ਡਾ.ਜੈ ਇੰਦਰ ਸਿੰਘ ਅਤੇ ਡਾ.ਵਿਨੀਤ ਕੁਮਾਰ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।