5 Dariya News

ਪੀ.ਏ.ਪੀ.ਰੇਲਵੇ ਓਵਰ ਬ੍ਰਿਜ ਨੂੰ ਹਰੀ ਝੰਡੀ, ਪੀ.ਏ.ਪੀ.ਅਤੇ ਰਾਮਾ ਮੰਡੀ ਚੌਕ ਵਿਖੇ ਦੋ ਨਵੇਂ ਗੋਲ ਚੱਕਰ ਬਣਾਏ ਜਾਣਗੇ

ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਵਲੋਂ ਐਨ.ਐਚ.ਏ.ਆਈ. ਦੇ ਪ੍ਰੋਜੈਕਟ ਡਾਇਰੈਕਟਰ ਨਾਲ ਮੀਟਿੰਗ

5 Dariya News

ਜਲੰਧਰ 08-Jun-2020

ਜਲੰਧਰ-ਅੰਮ੍ਰਿਤਸਰ ਕੌਮੀ ਮਾਰਗ 'ਤੇ ਅਵਾਜਾਈ ਨੂੰ ਸੁਚਾਰੂ ਢੰਗ ਨਾਲ ਯਕੀਨੀ ਬਣਾਉਣ ਲਈ ਪੀ.ਏ.ਪੀ.ਚੌਕ ਰੇਲਵੇ ਓਵਰ ਬ੍ਰਿਜ ਵਿਖੇ ਵਾਹਨਾਂ ਦੀ ਭੀੜ ਨੂੰ ਘੱਟ ਕਰਨ ਲਈ ਡਿਪਟੀ ਕਮਿਸ਼ਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਵਲੋਂ ਅੱਜ ਕੌਮੀ ਹਾਈਵੇ ਅਥਾਰਟੀ ਆਫ਼ ਇੰਡੀਆ ਨੂੰ ਅੱਠ ਮਾਰਗੀ ਸੜਕ ਬਣਾਉਣ ਦੀ ਸਿਧਾਂਤਕ ਪ੍ਰਵਾਨਗੀ ਦਿੱਤੀ ਗਈ। ਦੋਵਾਂ ਅਧਿਕਾਰੀਆਂ ਵਲੋਂ ਅੱਜ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਕੌਮੀ ਹਾਈਵੇ ਅਥਾਰਟੀ ਭਾਰਤ ਦੇ ਅਫ਼ਸਰਾਂ ਨਾਲ ਰੇਲਵੇ ਓਵਰ ਬ੍ਰਿਜ ਦੇ ਨਾਲ ਚਾਰ ਵਾਧੂ ਸੜਕਾਂ ਬਣਾਉਣ ਸਬੰਧੀ ਵਿਸਥਾਰ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਕਿਹਾ ਕਿ ਰੇਲਵੇ ਓਵਰ ਬ੍ਰਿਜ ਨੂੰ ਚੌੜਾ ਕਰਨ ਸਬੰਧੀ ਪ੍ਰੋਜੈਕਟ ਰਿਪੋਰਟ ਪਹਿਲਾਂ ਹੀ ਕੌਮੀ ਹਾਈਵੇ ਅਥਾਰਟੀ ਆਫ਼ ਇੰਡੀਆ ਵਲੋਂ ਰੇਲਵੇ ਮੰਤਰਾਲੇ ਨੂੰ ਸੌਂਪੀ ਜਾ ਚੁੱਕੀ ਹੈ ਅਤੇ ਰੇਲਵੇ ਵਿਭਾਗ ਦੀ ਟੀਮ ਵਲੋਂ ਹਾਲ ਹੀ ਵਿੱਚ ਜਗ੍ਹਾ ਦਾ ਦੌਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰਾਮਾ ਮੰਡੀ ਫਲਾਈ ਓਵਰ ਅਤੇ ਪੀ.ਏ.ਪੀ.ਚੌਕ ਦੇ ਨਾਲ ਰੇਲਵੇ ਓਵਰ ਬ੍ਰਿਜ ਨੂੰ ਚੌੜਾ ਕਰਨ ਦੇ ਨਾਲ ਅਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਵਲੋਂ ਪੀ.ਏ.ਪੀ.ਚੌਕ ਅਤੇ ਰਾਮਾ ਮੰਡੀ ਚੌਕ ਵਿਖੇ ਦੋ ਗੋਲ ਚੱਕਰ  ਟਰੈਫਿਕ ਲਾਈਟ ਦੀ ਵਿਵਸਥਾ ਨਾਲ ਬਣਾਏ ਜਾਣਗੇ ।

ਉਨ੍ਹਾਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਿਭਾਗ ਨੂੰ ਕਿਹਾ ਕਿ ਕੁਝ ਇਲੈਕਟ੍ਰਿਕ ਟਰਾਂਸਮਿਸ਼ਨ ਲਾਈਨਾਂ ਨੂੰ ਤੇਜ਼ੀ ਨਾਲ ਤਬਦੀਲ ਕਰਨ ਲਈ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਨਾਲ ਸਹਿਯੋਗ ਕੀਤਾ ਜਾਵੇ। ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਕਿ ਯਾਤਰੀਆਂ ਦੀ ਨਿਰਵਿਘਨ ਅਵਾਜਾਈ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਦੇ ਅਧਿਕਾਰੀਆਂ ਨੂੰ ਵੀ ਕਿਹਾ ਕਿ ਫਲਾਈਵਰ ਦੇ ਨਾਲ ਲੱਗਦੇ ਨਾਲੇ ਨੂੰ ਜਲਦ ਅੰਡਰ ਗਰਾਊਂਡ ਬਣਾਇਆ ਜਾਵੇ ਤਾਂ ਜੋ ਸੁਚਾਰੂ ਅਵਾਜਾਈ ਨੂੰ ਯਕੀਨੀ ਬਣਾਇਆ ਜਾ ਸਕੇ। ਦੋਵਾਂ ਅਧਿਕਾਰੀਆਂ ਨੇ ਕਿਹਾ ਕਿ ਉਨਾ ਵਲੋਂ ਆਉਣ ਵਾਲੇ ਦਿਨਾਂ ਵਿੱਚ ਮੀਟਿੰਗਾਂ ਰਾਹੀਂ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਜਾਂਦਾ ਰਹੇਗਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਵਿਸ਼ੇਸ਼ ਸਾਰੰਗਲ, ਡਿਪਟੀ ਕਮਿਸ਼ਨਰ ਪੁਲਿਸ ਸ੍ਰੀ ਨਰੇਸ਼ ਡੋਗਰਾ, ਏ.ਡੀ.ਸੀ.ਪੀ. ਸ੍ਰੀ ਗਗਨੇਸ਼ ਕੁਮਾਰ, ਸਹਾਇਕ ਕਮਿਸ਼ਨਰ ਪੁਲਿਸ ਸ੍ਰੀ ਐਚ.ਐਸ.ਭੱਲਾ, ਪ੍ਰੋਜੈਕਟ ਡਾਇਰੈਕਟਰ ਡਾਇਰੈਕਟਰ ਐਨ.ਐਚ.ਏ.ਆਈ. ਕਰਨਲ(ਰਿਟਾ.) ਯੋਗੇਸ਼ ਚੰਦਰ ਅਤੇ ਹੋਰ ਵੌ ਹਾਜ਼ਰ ਸਨ।