‘ਮਿਸ਼ਨ ਫਤਿਹ’ ; ਕੋਵਿਡ-19 ਦੇ ਬਚਾਅ ਲਈ ਐਸ.ਬੀ.ਆਈ. ਨੇ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਨੂੰ ਭੇਟ ਕੀਤੇ ਮਾਸਕ, ਸੈਨੇਟਾਈਜਰ ਤੇ ਪੀ.ਪੀ.ਈ. ਕਿੱਟਾਂ
ਏ.ਡੀ.ਸੀ. ਨੇ ਬੈਂਕ ਦੇ ਯੋਗਦਾਨ ਦੀ ਪ੍ਰਸ਼ੰਸਾ ਕਰਦੇ ਹੋਏ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਸਾਵਧਾਨੀਆਂ ਅਪਨਾਉਣ ਦੀ ਅਪੀਲ ਕੀਤੀ
5 Dariya News
ਹੁਸ਼ਿਆਰਪੁਰ 08-Jun-2020
ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਦੀ ਅਗਵਾਈ ਵਿੱਚ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਵਲੋਂ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਜਿਥੇ ਜ਼ਰੂਰਤਮੰਦ ਪਰਿਵਾਰਾਂ ਦੀ ਮਦਦ ਕੀਤੀ ਜਾ ਰਹੀ ਹੈ, ਉਥੇ ‘ਮਿਸ਼ਨ ਫਤਿਹ’ ਤਹਿਤ ਇਸ ਮਹਾਂਮਾਰੀ ਪ੍ਰਤੀ ਜਾਗਰੂਕਤਾ ਵੀ ਫੈਲਾਈ ਜਾ ਰਹੀ ਹੈ। ਇਸ ਕੜੀ ਤਹਿਤ ਅੱਜ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਅਮਿਤ ਕੁਮਾਰ ਪੰਚਾਲ ਦੀ ਹਾਜ਼ਰੀ ਵਿੱਚ ਸਟੇਟ ਬੈਂਕ ਆਫ਼ ਇੰਡੀਆ ਰਿਜੀਨਲ ਬਿਜਨੈਸ ਦਫ਼ਤਰ ਵਲੋਂ ਮਿਸ਼ਨ ਫਤਿਹ ਵਿੱਚ ਯੋਗਦਾਨ ਪਾਉਂਦੇ ਹੋਏ ਸੋਸਾਇਟੀ ਨੂੰ 400 ਬੋਤਲ ਸੈਨੇਟਾਈਜ਼ਰ, 1000 ਫੇਸ ਮਾਸਕ, 10 ਪੀ.ਪੀ.ਈ. ਕਿੱਟਾਂ ਅਤੇ ਦਸਤਾਨੇ ਦਿੱਤੇ ਗਏ। ਇਸ ਦੌਰਾਨ ਸਟੇਟ ਬੈਂਕ ਆਫ਼ ਇੰਡੀਆ ਦੀ ਟੀਮ ਨੇ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਵਲੋਂ ਕੀਤੇ ਜਾ ਰਹੇ ਲੋਕ ਭਲਾਈ ਕੰਮਾਂ ਦੀ ਪ੍ਰਸ਼ੰਸਾਂ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸ ਸੰਸਥਾ ਨੂੰ ਸਹਾਇਤਾ ਮੁਹੱਈਆ ਕਰਵਾਉਂਦੇ ਰਹਿਣਗੇ।ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਅਮਿਤ ਕੁਮਾਰ ਪੰਚਾਲ ਨੇ ਸਟੇਟ ਬੈਂਕ ਆਫ਼ ਇੰਡੀਆ ਦੀ ਟੀਮ ਦਾ ਧੰਨਵਾਦ ਕਰਦੇ ਹੋਏ ਜ਼ਿਲ੍ਹਾ ਹੁਸ਼ਿਆਰਪੁਰ ਦੇ ਦਾਨੀ ਸੱਜਣਾਂ ਅਤੇ ਸਮਾਜ ਸੇਵਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਰਾਹੀਂ ਵੱਧ ਤੋਂ ਵੱਧ ਜ਼ਰੂਰਤਮੰਦਾਂ ਦੀ ਮਦਦ ਲਈ ਅੱਗੇ ਆਉਣ। ਉਨ੍ਹਾਂ ਲੋਕਾਂ ਨੂੰ ‘ਮਿਸ਼ਨ ਫਤਿਹ’ ਤਹਿਤ ਸਾਵਧਾਨੀਆਂ ਅਪਨਾਉਣ ਦੀ ਅਪੀਲ ਕਰਦੇ ਹੋਏ ਹੋਰ ਲੋਕਾਂ ਨੂੰ ਵੀ ਜਾਗਰੂਕ ਕਰਨ ਲਈ ਕਿਹਾ। ਉਨ੍ਹਾਂ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਵਲੋਂ ਕੀਤੇ ਜਾ ਰਹੇ ਲੋਕ ਭਲਾਈ ਕੰਮਾਂ ਦੀ ਪ੍ਰਸ਼ੰਸਾ ਕੀਤੀ।ਇਸ ਦੌਰਾਨ ਸਕੱਤਰ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਸ੍ਰੀ ਨਰੇਸ਼ ਗੁਪਤਾ ਨੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਦਾਨੀ ਸੱਜਣਾਂ ਅਤੇ ਸਮਾਜ ਸੇਵਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਦੇ ਬਚਾਅ ਲਈ ਜ਼ਰੂਰਤਮੰਦ ਪਰਿਵਾਰਾਂ ਨੂੰ ਜ਼ਰੂਰੀ ਵਸਤੂਆਂ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦੇ ਬੈਂਕ ਖਾਤਾ ਨੰ: 50100309716962 (ਆਈ.ਐਫ.ਐਸ.ਸੀ. ਕੋਡ ਐਚ ਡੀ ਐਫ ਸੀ 0000229) ਜਾਂ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦੇ ਦਫ਼ਤਰ ਦੇ ਫੋਨ ਨੰ: 01882-221071, 221074 ’ਤੇ ਸੰਪਰਕ ਕਰਕੇ ਆਪਣਾ ਯੋਗਦਾਨ ਦੇ ਸਕਦੇ ਹਨ, ਤਾਂ ਜੋ ਇਸ ਆਪਦਾ ਦੀ ਘੜੀ ਵਿੱਚ ਵੱਧ ਤੋਂ ਵੱਧ ਲੋਕਾਂ ਦੀ ਸਹਾਇਤਾ ਕੀਤੀ ਜਾ ਸਕੇ। ਇਸ ਮੌਕੇ ਰਿਜ਼ੀਨਲ ਮੈਨੇਜਰ ਸ੍ਰੀ ਜੈ ਪ੍ਰਕਾਸ਼ ਗੁਪਤਾ, ਚੀਫ਼ ਮੈਨੇਜਰ ਸ੍ਰੀ ਰਾਜ ਕੁਮਾਰ ਬਾਲੀ, ਮੈਨੇਜਰ ਸ੍ਰੀ ਬ੍ਰਿਜ ਮੋਹਨ ਵੀ ਮੌਜੂਦ ਸਨ।