5 Dariya News

ਫੂਡ ਸੇਫਟੀ ਕਮਿਸ਼ਨਰ ਵੱਲੋਂ ਫੂਡ ਬਿਜਨਸਿਸ ਨੂੰ ਪੁਰਾਣੀ ਭੋਜਨ ਸਮੱਗਰੀ ਨੂੰ ਨਸ਼ਟ ਕਰਨ ਦੇ ਨਿਰਦੇਸ਼

ਪੁਰਾਣੀ ਭੋਜਨ ਸਮੱਗਰੀ ਨਾ ਵਰਤਾਏ ਜਾਣ ਨੂੰ ਯਕੀਨੀ ਬਣਾਉਣ ਸਬੰਧੀ ਫੂਡ ਸੇਫਟੀ ਅਫਸਰ ਕਰਨਗੇ ਛਾਪੇਮਾਰੀ

5 Dariya News

ਚੰਡੀਗੜ੍ਹ 13-May-2020

ਭੋਜਨ ਦੀਆਂ ਦੁਕਾਨਾਂ ਖ਼ਾਸਕਰ ਹਲਵਾਈ ਦੀਆਂ ਦੁਕਾਨਾਂ, ਜਿਹੜੀਆਂ ਕੋਵਿਡ 19 ਕਾਰਨ ਪਿਛਲੇ 50 ਦਿਨਾਂ ਤੋਂ ਬੰਦ ਰਹੀਆਂ ਹਨ, ਨੂੰ ਸਾਰੇ ਪੁਰਾਣੇ ਅਤੇ ਖਰਾਬ ਭੋਜਨ ਪਦਾਰਥਾਂ ਨੂੰ ਨਸ਼ਟ ਕਰਨ ਲਈ ਕਿਹਾ ਗਿਆ ਹੈ। ਨਾਲ ਹੀ ਮਿਆਦ ਪੁੱਗ ਚੁੱਕੇ ਡੱਬਾਬੰਦ ਭੋਜਨ ਪਦਾਰਥਾਂ ਨੂੰ ਵੀ ਨਸ਼ਟ ਕਰਨ ਦੇ ਆਦੇਸ਼ ਦਿੱਤੇ ਗਏ ਹਨ।ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੇ ਕਮਿਸ਼ਨਰ ਸ. ਕਾਹਨ ਸਿੰਘ ਪੰਨੂੰ ਨੇ ਰਾਜ ਵਿੱਚ ਫੂਡ ਸੇਫਟੀ ਅਫਸਰਾਂ ਨੂੰ ਵਿਆਪਕ ਛਾਪੇਮਾਰੀ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਪੁਰਾਣੇ ਖਾਧ ਪਦਾਰਥਾਂ ਨੂੰ ਨਸ਼ਟ ਕਰਨ ਦੀਆਂ ਹਦਾਇਤਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ। ਪੂਰੇ ਰਾਜ ਵਿਚ ਸੈਂਕੜੇ ਖਾਣ ਪੀਣ ਵਾਲੀਆਂ ਥਾਵਾਂ ਦਾ ਨਿਰੀਖਣ ਕੀਤਾ ਜਾ ਰਿਹਾ ਹੈ ਤਾਂ ਜੋ ਪੁਰਾਣੇ ਖਾਧ ਪਦਾਰਥਾਂ ਦੇ ਸਹੀ ਢੰਗ ਨਾਲ ਨਿਪਟਾਰੇ ਨੂੰ ਯਕੀਨੀ ਬਣਾਇਆ ਜਾ ਸਕੇ। ਫੂਡ ਬਿਜਨਸਿਸ ਨੂੰ ਕਿਹਾ ਗਿਆ ਹੈ ਕਿ ਉਹ ਘਰ ਵਿੱਚ ਸਪੁਰਦਗੀ ਅਤੇ ਆਪਣੇ ਸਥਾਨ ‘ਤੇ ਗਾਹਕਾਂ ਨੂੰ ਸੇਵਾਵਾਂ ਦਿੰਦੇ ਹੋਏ ਸਮਾਜਿਕ ਦੂਰੀਆਂ, ਮਾਸਕ ਅਤੇ ਵਾਰ ਵਾਰ ਹੱਥ ਧੋਣ ਦੇ ਨਵੇਂ ਆਦਰਸ਼ ਨੂੰ ਅਪਣਾਉਣ ਲਈ ਆਪਣੇ ਆਪ ਨੂੰ ਤਿਆਰ ਕਰਨ।ਭੋਜਨ ਸੰਚਾਲਕਾਂ ਦੀ ਆਨਲਾਈਨ ਸਿਖਲਾਈ ਵੀ ਉਨ੍ਹਾਂ ਨੂੰ ਖਾਣ ਪੀਣ ਦੇ ਨਿਯਮਾਂ ਅਤੇ ਅਭਿਆਸਾਂ ਬਾਰੇ ਨਾ ਕੇਵਲ ਸੁਰੱਖਿਅਤ ਭੋਜਨ ਤਿਆਰ ਕਰਨ ਲਈ, ਬਲਕਿ ਸੁਰੱਖਿਅਤ ਭੋਜਨ ਸੇਵਾਵਾਂ ਬਾਰੇ ਵੀ ਜਾਗਰੂਕ ਕਰਨ ਲਈ ਦਿੱਤੀ ਜਾ ਰਹੀ ਹੈ।ਸ. ਪੰਨੂੰ ਨੇ ਚੇਤਾਵਨੀ ਦਿੱਤੀ ਕਿ ਕਿਸੇ ਵੀ ਵਿਅਕਤੀ ਨੂੰ ਮਿਆਦ ਪੁੱਗ ਚੁੱਕੇ ਜਾਂ ਘਟੀਆ ਅਤੇ ਅਸੁਰੱਖਿਅਤ ਭੋਜਨ ਸਮੱਗਰੀ ਗ੍ਰਾਹਕਾਂ ਨੂੰ ਦਿੰਦਾ ਪਾਇਆ ਗਿਆ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।