5 Dariya News

ਚੱਪੜਚਿੜੀ ਤੇ ਭਾਗੋਮਾਜਰਾ ਮੰਡੀਆਂ ਵਿਚ ਲਗਭਗ 56 ਹਜ਼ਾਰ ਕੁਇੰਟਲ ਕਣਕ ਦੀ ਖ਼ਰੀਦ : ਮੱਛਲੀ ਕਲਾਂ

ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਵਲੋਂ ਫ਼ਸਲ ਦੀ ਖ਼ਰੀਦ ਤੇ ਚੁਕਾਈ ਦਾ ਜਾਇਜ਼ਾ, ਰਜਿਸਟਰ ਵੀ ਚੈੱਕ ਕੀਤੇ

5 Dariya News

ਮੋਹਾਲੀ 04-May-2020

ਸਿਹਤ ਅਤੇ ਪਰਿਵਾਰ ਭਲਾਈ ਮੰਤਰੀ  ਬਲਬੀਰ ਸਿੰਘ ਸਿੱਧੂ ਦੇ ਸਿਆਸੀ ਸਕੱਤਰ ਅਤੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਮਾਰਕੀਟ ਕਮੇਟੀ ਖਰੜ ਅਧੀਨ ਪੈਂਦੇ ਚੱਪੜਚਿੜੀ ਅਤੇ ਭਾਗੋਮਾਜਰਾ ਕਣਕ ਖ਼ਰੀਦ ਕੇਂਦਰਾਂ ਦਾ ਦੌਰਾ ਕੀਤਾ ਅਤੇ ਕਣਕ ਦੀ ਖ਼ਰੀਦ ਤੇ ਚੁਕਾਈ ਦਾ ਜਾਇਜ਼ਾ ਲਿਆ। ਇਸ ਮੌਕੇ ਉਨਾਂ ਗੱਲਬਾਤ ਕਰਦਿਆਂ ਦਸਿਆ ਕਿ ਦੋਹਾਂ ਖ਼ਰੀਦ ਕੇਂਦਰਾਂ ਵਿਚ ਕਣਕ ਦੀ ਖ਼ਰੀਦ ਤਸੱਲੀਬਖ਼ਸ਼ ਤੇ ਨਿਰਵਿਘਨ ਢੰਗ ਨਾਲ ਜਾਰੀ ਹੈ। ਉਨਾਂ ਕਿਹਾ ਕਿ ਚੱਪੜਚਿੜੀ ਦੇ ਖ਼ਰੀਦ ਕੇਂਦਰ ਵਿਚ ਬਾਰਦਾਨੇ ਦੀ ਸਮੱਸਿਆ ਸਾਹਮਣੇ ਆਈ ਹੈ ਜਿਸ ਨੂੰ ਫ਼ੌਰੀ ਤੌਰ 'ਤੇ ਦੂਰ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਕਰ ਦਿਤੀਆਂ ਗਈਆਂ ਹਨ। ਉਨਾਂ ਜਾਣਕਾਰੀ ਦਿਤੀ ਕਿ ਭਾਗੋਮਾਜਰਾ ਖ਼ਰੀਦ ਕੇਂਦਰ ਵਿਚ ਹੁਣ ਤਕ 16,564 ਕੁਇੰਟਲ ਕਣਕ ਦੀ ਖ਼ਰੀਦ ਹੋ ਚੁੱਕੀ ਹੈ ਜਿਸ ਵਿਚੋਂ 11805 ਕੁਇੰਟਲ ਦੀ ਚੁਕਾਈ ਹੋ ਚੁੱਕੀ ਹੈ। ਇਸੇ ਤਰਾਂ ਚੱਪੜਚਿੜੀ ਵਿਖੇ 39,458 ਕੁਇੰਟਲ ਕਣਕ ਖ਼ਰੀਦੀ ਜਾ ਚੁਕੀ ਹੈ ਜਿਸ ਵਿਚੋਂ 32,606 ਕੁਇੰਟਲ ਕਣਕ ਦੀ ਚੁਕਾਈ ਹੋ ਚੁਕੀ ਹੈ। ਭਾਗੋਮਾਜਰਾ ਖ਼ਰੀਦ ਕੇਂਦਰ ਵਿਖੇ ਪਨਸਪ ਅਤੇ ਚੱਪੜਚਿੜੀ ਖ਼ਰੀਦ ਕੇਂਦਰ ਵਿਖੇ ਮਾਰਕਫ਼ੈਡ ਦੁਆਰਾ ਫ਼ਸਲ ਖ਼ਰੀਦੀ ਜਾ ਰਹੀ ਹੈ। ਚੇਅਰਮੈਨ ਸ਼ਰਮਾ ਨੇ ਦੋਵਾਂ ਖ਼ਰੀਦ ਕੇਂਦਰਾਂ ਵਿਖੇ ਸਟਾਕ ਰਜਿਸਟਰ ਦੀ ਚੈਕਿੰਗ ਵੀ ਕੀਤੀ ਅਤੇ ਖ਼ਰੀਦ ਤੇ ਚੁਕਾਈ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਜਾਰੀ ਰੱਖਣ ਲਈ ਅਧਿਕਾਰੀਆਂ ਨੂੰ ਹਦਾਇਤਾਂ ਦਿਤੀਆਂ। ਮੱਛਲੀ ਕਲਾਂ ਨੇ ਕਿਹਾ ਕਿ ਮਾਰਕੀਟ ਕਮੇਟੀ ਖਰੜ ਅਧੀਨ ਪੈਂਦੀਆਂ ਬਾਕੀ ਅਨਾਜ ਮੰਡੀਆਂ ਵਿਚ ਬਾਰਦਾਨੇ ਦੀ ਕੋਈ ਸਮੱਸਿਆ ਨਹੀਂ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਮੰਡੀਆਂ ਵਿਚ ਕਣਕ ਦੀ ਖ਼ਰੀਦ ਅਤੇ ਚੁਕਾਈ ਲਈ ਪਹਿਲਾਂ ਹੀ ਸੁਚੱਜੇ ਪ੍ਰਬੰਧ ਕਰ ਲਏ ਗਏ ਸਨ ਜਿਸ ਸਦਕਾ ਕਿਸਾਨਾਂ ਨੂੰ ਫ਼ਸਲ ਵੇਚਣ ਵਿਚ ਕੋਈ ਦਿੱਕਤ ਨਹੀਂ ਆ ਰਹੀ। ਇਸ ਮੌਕੇ ਤਹਿਸੀਲਦਾਰ ਰਵਿੰਦਰ ਬਾਂਸਲ, ਕਾਂਗਰਸ ਆਗੂ ਗੁਰਧਿਆਨ ਸਿੰਘ ਦੁਰਾਲੀ, ਮੰਡੀ ਸੁਪਰਵਾਇਜ਼ਰ ਹਰਪਾਲ ਸਿੰਘ, ਪਨਸਪ ਦੇ ਇੰਸਪੈਕਟਰ ਬਿਕਰਮਜੀਤ ਸਿੰਘ ਅਤੇ ਆੜਤੀ ਮੋਹਨ ਲਾਲ, ਪਰਮਜੀਤ ਸਿੰਘ ਪਾਸੀ ਆੜਤੀ, ਕੁਲਵਿੰਦਰ ਸਿੰਘ ਆਕਸ਼ਨ ਰੀਕਾਰਡਰ ਆਦਿ ਵੀ ਮੌਜੂਦ ਸਨ।