5 Dariya News

ਰਾਜ ਵਿਚ ਅੱਜ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਸਫਲਤਾਪੂਰਵਕ ਮੁਕੰਮਲ ਹੋਇਆ

5 ਦਰਿਆ ਨਿਊਜ਼

ਚੰਡੀਗੜ੍ਹ 28-Dec-2013

ਪੰਜਾਬ ਸਰਕਾਰ ਵਲੋਂ ਅੱਜ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਅਮਨ-ਅਮਾਨ ਨਾਲ ਸੰਪੂਰਨ ਹੋਇਆ। ਅਧਿਆਪਕ ਯੋਗਤਾ ਟੈਸਟ ਲਈ ਕੁੱਲ੍ਹ 418 ਕੇਂਦਰ ਬਣਾਏ ਗਏ ਸਨ।ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਦੱਸਿਆ ਕਿ ਟੀ.ਈ.ਟੀ ਦੇ ਪਹਿਲੇ ਪੇਪਰ ਵਿਚ 55,000 ਦੇ ਕਰੀਬ ਉਮੀਦਵਾਰ ਬੈਠੇ ਜਦਕਿ ਦੂਜੇ ਪੇਪਰ ਵਿਚ 1,50,000 ਦੇ ਕਰੀਬ ਉਮੀਦਵਾਰਾਂ ਨੇ ਪੇਪਰ ਦਿੱਤਾ। ਉਨ੍ਹਾਂ ਦੱਸਿਆ ਕਿ ਕਿਉਂਕਿ ਟੀ.ਈ.ਟੀ ਟੈਸਟ ਲਈ ਵੱਡੀ ਗਿਣਤੀ ਵਿਚ ਕੁੜੀਆਂ ਨੇ ਟੈਸਟ ਦਿੱਤਾ ਇਸ ਕਾਰਨ ਵਿਸ਼ੇਸ਼ ਤੌਰ 'ਤੇ ਮਹਿਲਾ ਸੁਰੱਖਿਆ ਮੁਲਾਜ਼ਮਾਂ ਨੂੰ ਵੀ ਸੈਂਟਰਾਂ ਦੇ ਤਾਇਨਾਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਟੀ.ਈ.ਟੀ ਦੇ ਸੈਂਟਰਾਂ 'ਤੇ ਪੰਜਾਬ ਪੱਧਰ ਅਤੇ ਜਿਲ੍ਹਾ ਪੱਧਰ ਦੇ ਅਧਿਕਾਰੀਆਂ ਵਲੋਂ ਚੈਕਿੰਗ ਕੀਤੀ ਗਈ। ਇਸ ਟੈਸਟ ਲਈ 4 ਵੱਖ ਵੱਖ ਰੰਗਾਂ ਦੇ ਕੋਡ ਵਾਲੇ ਸੈਟ ਉਮੀਦਵਾਰਾਂ ਨੂੰ ਵੰਡੇ ਗਏ। ਕੇਂਦਰਾਂ 'ਤੇ ਕਿਸੇ ਵੀ ਗੈਰ-ਕਾਨੂੰਨੀ ਗਤੀਵਿਧੀ ਨੂੰ ਰੋਕਣ ਲਈ ਸੈਂਟਰਾਂ 'ਤੇ ਵੀਡੀਓਗ੍ਰਾਫੀ ਵੀ ਕਰਵਾਈ ਗਈ।ਸਿੱਖਿਆ ਮੰਤਰੀ ਨੇ ਦੱਸਿਆ ਕਿ ਦੂਜਾ ਪੇਪਰ ਸਵੇਰ ਸਮੇਂ ਲਿਆ ਗਿਆ ਜਦਕਿ ਪਹਿਲਾ ਪੇਪਰ ਬਾਅਦ ਦੁਪਿਹਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਟੈਸਟ ਦਾ ਨਤੀਜਾ ਹਫਤੇ ਅੰਦਰ ਘੋਸ਼ਿਤ ਕੀਤਾ ਜਾਵੇਗਾ ਅਤੇ ਓ.ਐਮ.ਆਰ (ਉੱਤਰ ਪੱਤਰੀਆਂ) ਦੀ ਸਕੈਂਨਡ ਕਾਪੀ ਵਿਭਾਗ ਦੇ ਵੈਬਸਾਈਟ ਦੇ ਪਾਈ ਜਾਵੇਗੀ। ਮੰਤਰੀ ਨੇ ਅੱਗੇ ਦੱਸਿਆ ਕਿ ਇਹ ਟੈਸਟ ਪੂਰੀ ਪਾਰਦਰਸ਼ਤਾ ਵਰਤਦੇ ਹੋਏ ਲਿਆ ਗਿਆ। ਉਮੀਦਵਾਰਾਂ ਨੂੰ ਪਹਿਲਾਂ ਤੋਂ ਹੀ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਕਿਸੇ ਵੀ ਗੈਰ-ਕਾਨੂੰਨੀ ਗਤੀਵਿਧੀ ਦੀ ਜਾਣਕਾਰੀ ਉਹ ਹੈਡਕੁਆਟਰ ਵਿਚੇ ਬਣਾਈ ਗਈ ਹੈਲਪਲਾਈਨ 'ਤੇ ਦੇ ਸਕਦੇ ਸਨ।