5 Dariya News

ਪੰਜਾਬ ਵਲੋਂ ਸਕੂਲੀ ਵਿਦਿਆਰਥੀਆਂ ਨੂੰ ਪੌਸਟਿਕ ਅਤੇ ਸਾਫ ਸੁਥਰਾ ਖਾਣਾ ਮੁਹੱਈਆ ਕਰਵਾਉਣਾ ਯਕੀਨੀ –ਮਲੂਕਾ

ਪੰਜਾਬ ਨੇ ਮਿੱਡ-ਡੇ ਮੀਲ ਸਕੀਮ ਵਿਚ ਭਾਰਤ ਵਿਚੋਂ ਦੂਜਾ ਸਥਾਨ ਹਾਸਲ ਕੀਤਾ

5 ਦਰਿਆ ਨਿਊਜ਼

ਚੰਡੀਗੜ੍ਹ 23-Dec-2013

ਪੰਜਾਬ ਸਰਕਾਰ ਨੇ ਰਾਜ ਦੇ ਪ੍ਰਾਇਮਰੀ ਅਤੇ ਅਪਰ ਪ੍ਰਾਇਮਰੀ ਸਰਕਾਰੀ 20379 ਸਕੂਲਾਂ ਵਿਚ  ਪੜ੍ਹ ਰਹੇ ਲੱਗਭੱਗ 19 ਲੱਖ ਵਿਦਿਆਰਥੀਆਂ ਨੂੰ  ਮਿਡ-ਡੇ-ਮੀਲ ਸਕੀਮ ਅਧੀਨ ਖਾਣਾ ਮੁਹੱਈਆ ਕਰਾਉਣ ਲਈ 275.81 ਕਰੋੜ ਰੁਪਏ ਮੁਹੱਈਆ ਕਰਵਾਏ।ਇਸ ਗੱਲ ਦੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਿੱਖਿਆ ਅਤੇ ਭਾਸ਼ਾ ਮੰਤਰੀ  ਸਿਕੰਦਰ ਸਿੰਘ ਮਲੂਕਾ ਨੇ ਦੱਸਿਆ ਕਿ ਪੰਜਾਬ ਨੇ ਮਿੱਡ-ਡੇ ਮੀਲ ਵਿਚੋਂ ਉਤੱਰੀ ਭਾਰਤ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ  ਜਦੋਂ ਕਿ ਪੂਰੇ ਭਾਰਤ ਵਿਚੋਂ ਦੂਜਾ ਸਥਾਨ ਹਾਸਲ ਕੀਤਾ। ਸਕੂਲੀ ਵਿਦਿਆਰਥੀਆਂ ਨੂੰ ਪੋਸ਼ਟਿਕ, ਸੁਆਦਲਾ ਅਤੇ ਸਾਫ-ਸੁਥਰਾ ਦੁਪਿਹਰ ਦਾ ਖਾਣਾ ਮੁਹੱਈਆ ਕਰਾਉਣ ਲਈ ਰਾਜ ਵਿਚ 40,243 ਕੁੱਕ ਰੱਖੇ ਗਏ ਹਨ ਅਤੇ ਬੱਚਿਆਂ ਨੂੰ ਖਾਣਾ ਖੁਆਉਣ ਲਈ 8.60 ਕਰੋੜ ਰੁਪਏ ਸਕੂਲਾਂ ਵਿਚ ਬਰਤਨਾਂ ਲਈ ਖਰਚੇ ਗਏ ਹਨ।ਮੰਤਰੀ ਨੇ ਅੱਗੇ ਦੱਸਿਆ ਕਿ ਮਿਡ ਡੇ ਮੀਲ ਸਕੀਮ ਨੂੰ ਸੁਚਾਰੂ ਤੇ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਲਈ ਹਰ ਜ਼ਿਲੇ ਦਾ ਡਿਪਟੀ ਕਮਿਸ਼ਨਰ ਇਸ ਸਕੀਮ ਦਾ ਚੇਅਰਮੈਨ ਬਣਾਇਆ ਗਿਆ ਹੈ ਤਾਂ ਕਿ ਰੋਜ਼ਾਨਾ ਖਾਣੇ ਦਾ ਮਿਆਰ, ਮਿੱਕਦਾਰ ਅਤੇ ਪੌਸ਼ਟਿਕਤਾ ਮੀਨੂੰ ਅਨੁਸਾਰ ਬੱਚਿਆਂ ਨੂੰ ਦਿੱਤਾ ਜਾਵੇ।

ਮੰਤਰੀ ਨੇ ਜ਼ਿਲਾ ਐਡਮਨਿਸਟ੍ਰੇਸ਼ਨ ਨੂੰ ਜ਼ਿਲਾ ਸਟੀਅਰਿੰਗ ਮੋਨੀਟਿਰਿੰਗ ਕਮੇਟੀ ਦੀ ਮੀਟਿੰਗ ਕਰਨ ਲਈ ਨਾਲ ਜੋੜਿਆ ਤਾਂ ਕਿ ਮਿੱਡ ਡੇ ਮੀਲ ਸਕੀਮ ਦੀ ਸਮੇਂ ਸਮੇਂ ਸਮੀਖਿਆ ਹੋ ਸਕੇ।ਮੰਤਰੀ ਨੇ ਅੱਗੇ ਦੱਸਿਆ ਕਿ  ਨਵਾਂ ਸ਼ਹਿਰ, ਮੋਗਾ, ਬਠਿੰਡਾ, ਸੰਗਰੂਰ ਅਤੇ ਮੁਹਾਲੀ ਵਿਖੇ ਸ਼ਹਿਰੀ ਅਤੇ ਪੇਂਂਡੂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਦੁਪਿਹਰ ਦਾ ਖਾਣਾ ਗੈਰ-ਸਰਕਾਰੀ ਸੰਸਥਾਵਾਂ   ( ਐਨ.ਜੀ.ਓ) ਵਲੋਂ ਮੁਹੱਈਆ ਕਰਵਾਇਆ ਜਾਂਦਾ ਹੈ।ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਦੁਪਿਹਰ ਦਾ ਖਾਣਾ ਮੁਹੱਈਆ ਕਰਾਉਣ ਦੇ ਨਾਲ ਨਾਲ ਰਾਜ ਦੇ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਦਾ  ਸਾਲ ਵਿਚ ਦੋ ਵਾਰੀ ਅਤੇ ਅੱਪਰ-ਪ੍ਰਾਇਮਰੀ ਬੱਚਿਆਂ ਦਾ ਸਾਲ ਵਿਚ ਇੱਕ ਵਾਰੀ ਸਿਹਤ ਦਾ ਮੁਆਇਨਾ ਵੀ ਕਰਵਾਇਆ ਜਾਂਦਾ ਹੈ। ਉਨਾਂ੍ਹ ਅੱਗੇ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਪ੍ਰਾਇਮਰੀ ਦੇ ਵਿਦਿਆਰਥੀਆਂ ਨੂੰ ਪੋਸ਼ਟਿਕ ਖਾਣੇ ਵਿਚ 450 ਗ੍ਰਾਮ ਕੈਲਰੀ ਅਤੇ 12 ਗ੍ਰਾਮ ਪ੍ਰੋਟੀਨ ਦਿੱਤਾ ਜਾਂਦਾ ਹੈ ਅਤੇ ਅੱਪਰ ਪ੍ਰਾਇਮਰੀ ਦੇ ਵਿਦਿਆਰਥੀਆਂ ਨੂੰ 700 ਕੈਲਰੀ ਅਤੇ 20 ਗ੍ਰਾਮ ਪ੍ਰੋਟੀਨ ਦਿੱਤਾ ਜਾਂਦਾ ਹੈ।