5 Dariya News

ਟੀ.ਐਸ ਸ਼ੇਰਗਿੱਲ ਸੀਨੀਅਰ ਵਾਈਸ ਚੇਅਰਮੈਨ 'ਗਾਰਡੀਅਨ ਆਫ ਗਵਰਨੈੱਸ' ਵਲੋਂ ਦਾਣਾ ਮੰਡੀਆਂ ਦਾ ਦੌਰਾ

ਕਣਕ ਦੀ ਨਿਰਵਿਘਨ ਖਰੀਦ ਲਈ ਸਾਬਕਾ ਫੌਜੀਆਂ ਨੇ ਵੀ ਮੰਡੀਆਂ 'ਚ ਮੋਰਚੇ ਸੰਭਾਲੇ

5 Dariya News

ਗੁਰਦਾਸਪੁਰ 25-Apr-2020

ਪਰਮ ਵਿਸ਼ਿਸਟ ਸੇਵਾ ਮੈਡਲ ਲੈਫੀ. ਜਨਰਲ (ਸੇਵਾ ਮੁਕਤ) ਸ੍ਰੀ ਟੀ.ਐਸ ਸ਼ੇਰਗਿੱਲ ਸੀਨੀਅਰ ਵਾਈਸ ਚੇਅਰਮੈਨ 'ਗਾਰਡੀਅਨ ਆਫ ਗਵਰਨੈੱਸ' ਅਤੇ ਸੀਨੀਅਰ ਐਡਵਾਈਜ਼ਰ ਮੁੱਖ ਮੰਤਰੀ ਪੰਜਾਬ ਵਲੋਂ ਕਣਕ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਸੂਬੇ ਭਰ ਵਿਚ ਦਾਣਾ ਮੰਡੀਆਂ ਦਾ ਦੋਰਾ ਕੀਤਾ ਜਾ ਰਿਹਾ ਹੈ । ਅੱਜ ਉਨਾਂ ਵਲੋਂ ਗੁਰਦਾਸਪੁਰ ਜ਼ਿਲੇ ਅੰਦਰ ਪੈਂਦੀ ਮੰਡੀ ਦਿਆਲਗੜ੍ਹ ਦਾ ਦੋਰਾ ਕੀਤਾ ਗਿਆ। ਇਸ ਮੌਕੇ ਉਨਾਂ ਦੇ ਨਾਲ ਚੇਅਰਮੈਨ ਮਿਲਕਫੈੱਡ ਪੰਜਾਬ, ਕੈਪਟਨ ਹਰਮਿੰਦਰ ਸਿੰਘ ਵੀ ਮੋਜੂਦ ਸਨ।ਸ੍ਰੀ ਸ਼ੇਰਗਿੱਲ ਨੇ ਦੱਸਿਆ ਕਿ ਅੱਜ ਉਨਾਂ ਨੇ ਦਾਣਾ ਮੰਡੀ ਦਿਆਲਗੜ੍ਹ ਅਤੇ ਅੰਮ੍ਰਿਤਸਰ ਜ਼ਿਲੇ ਅੰਦਰ ਬਾਕਾ ਬਕਾਲਾ ਮੰਡੀ ਦਾ ਦੋਰਾ ਕੀਤਾ ਗਿਆ ਤੇ ਫਸਲ ਦੀ ਖਰੀਦ ਤੇ ਚੁਕਾਈ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਸੂਬੇ ਭਰ ਅੰਦਰ ਕਣਕ ਦੀ ਫਸਲ ਖਰੀਦਣ ਲਈ ਵਿਆਪਕ ਪ੍ਰਬੰਧ ਕੀਤੇ ਗਏ ਹਨ ਅਤੇ ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦ ਕੀਤਾ ਜਾਵੇਗਾ।ਗੱਲਬਾਤ ਦੌਰਾਨ ਉਨਾਂ ਦੱਸਿਆ ਕਿ ਸੂਬਾ ਸਰਕਾਰ ਨੇ 3195 ਗਾਰਡੀਅਨਜ਼ ਆਫ ਗਵਰਨੈਂਸ (ਪ੍ਰਬੰਧਾਂ ਦੇ ਰਾਖੇ) ਨੂੰ ਖਰੀਦ ਪ੍ਰਕਿਰਿਆ ਲਈ ਮੰਡੀ ਬੋਰਡ ਦੀ ਸਹਾਇਤਾ ਵਾਸਤੇ ਮੰਡੀਆਂ ਵਿੱਚ ਤਾਇਨਾਤ ਕੀਤਾ ਹੈ। ਉਨਾਂ ਦੱਸਿਆ ਕਿ ਇਹ ਜੀ.ਓ.ਜੀ. ਸੂਬਾ ਭਰ ਦੀਆਂ 1683 ਮੰਡੀਆਂ 'ਚ ਚੱਲ ਰਹੇ ਖਰੀਦ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ। ਕੋਵਿਡ-19 ਦੀ ਮਹਾਮਾਰੀ ਕਾਰਨ ਸਿਹਤ ਸੁਰੱਖਿਆ ਉਪਾਵਾਂ ਨੂੰ ਯਕੀਨੀ ਬਣਾਉਣ ਲਈ ਖਰੀਦ ਕੇਂਦਰਾਂ ਵਿੱਚ ਸਮਾਜਿਕ ਦੂਰੀ ਦੀ ਪਾਲਣਾ ਕਰਵਾਉਣ ਤੋਂ ਇਲਾਵਾ ਟ੍ਰੈਫਿਕ ਦੀ ਨਿਗਰਾਨੀ ਦਾ ਔਖਾ ਕਾਰਜ ਨਿਪਟਾਉਣ ਲਈ ਜੀ.ਓ.ਜੀ. ਮੰਡੀਆਂ ਬੋਰਡ ਦੇ ਮੁਲਾਜ਼ਮਾਂ ਨਾਲ ਮਿਲ ਕੇ ਸੇਵਾਵਾਂ ਨਿਭਾਅ ਰਹੇ ਹਨ ਤਾਂ ਕਿ ਮੰਡੀਆਂ ਵਿੱਚ ਭੀੜ-ਭੜੱਕਾ ਨਾ ਹੋਵੇ। ਜੀ.ਓ.ਜੀ. ਵੱਲੋਂ ਸਾਫ-ਸਫਾਈ ਦੀਆਂ ਹਾਲਤਾਂ ਬਾਰੇ ਰਿਪੋਰਟ ਕਰਨ ਤੋਂ ਇਲਾਵਾ ਕਿਸੇ ਵੀ ਹੋਰ ਮਸਲੇ ਬਾਰੇ ਤੁਰੰਤ ਸੀਨੀਅਰ ਅਥਾਰਟੀ ਦੇ ਨੋਟਿਸ ਵਿੱਚ ਲਿਆਂਦਾ ਜਾਂਦਾ ਹੈ।