5 Dariya News

ਯੂ.ਐੱਲ.ਬੀ. ਨੇ ਕੋਵਿਡ -19 ਵਿਰੁੱਧ ਜੰਗ ਵਿੱਚ ਨਾਗਰਿਕਾਂ ਨੂੰ ਰਾਹਤ ਦੇਣ ਲਈ ਵਧਾਇਆ ਦਾਇਰਾ: ਬ੍ਰਹਮ ਮੋਹਿੰਦਰਾ

ਯੂ.ਐੱਲ.ਬੀ. ਵੱਲੋਂ ਲੋੜਵੰਦ ਲੋਕਾਂ ਲਈ ਪਕਾਇਆ ਹੋਇਆ ਖਾਣਾ ਅਤੇ ਸੁੱਕੇ ਰਾਸ਼ਨ ਦੀ ਘਰ-ਘਰ ਸਪਲਾਈ

5 Dariya News

ਚੰਡੀਗੜ੍ਹ 24-Apr-2020

ਸ਼ਹਿਰੀ ਸਥਾਨਕ ਇਕਾਈਆਂ (ਯੂ.ਐੱਲ.ਬੀ.) ਵੱਲੋਂ ਕੋਵਿਡ -19 ਤੋਂ ਪ੍ਰਭਾਵਿਤ ਅਤੇ ਲੋੜਵੰਦ ਲੋਕਾਂ ਲਈ ਖਾਣਾ ਅਤੇ ਰਾਸ਼ਨ ਸਮੇਤ ਜ਼ਰੂਰੀ ਵਸਤਾਂ ਦੀ ਘਰ-ਘਰ ਸਪਲਾਈ ਦਾ ਇੰਤਜ਼ਾਮ ਕਰਨ ਸਬੰਧੀ ਨਵੀਂ ਭੂਮਿਕਾ ਨਿਭਾਈ ਜਾ ਰਹੀ ਹੈ। ਸ਼ਹਿਰੀ ਸਥਾਨਕ ਇਕਾਈਆਂ ਵੱਲੋਂ ਹੁਣ ਤਕ ਲਗਭਗ 21 ਲੱਖ ਲੋਕਾਂ ਲਈ ਭੋਜਨ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਲਗਭਗ 15 ਲੱਖ ਲੋਕਾਂ ਨੂੰ ਰਾਸ਼ਨ ਵੰਡਿਆ ਗਿਆ ਹੈ। ਸ਼ਹਿਰੀ ਸਥਾਨਕ ਇਕਾਈਆਂ ਗਊਸ਼ਾਲਾਵਾਂ ਵਿੱਚ ਪਸ਼ੂਆਂ ਦੇ ਚਾਰੇ ਲਈ ਵੀ ਪ੍ਰਬੰਧ ਕਰ ਰਹੀਆਂ ਹਨ। ਇਸ ਸਬੰਧ ਵਿੱਚ ਯੂ.ਐੱਲ.ਬੀ. ਨੂੰ ਨਗਰ ਨਿਗਮ ਦੇ ਫੰਡ ਵਿੱਚੋਂ ਖਰਚ ਕਰਨ ਦਾ ਅਧਿਕਾਰ ਵੀ ਦਿੱਤਾ ਗਿਆ ਹੈ।ਇਹ ਜਾਣਕਾਰੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਦਿੱਤੀ। ਉਨ੍ਹਾਂ ਕਿਹਾ ਕਿ ਵਿਭਾਗ ਕੋਵਿਡ -19 ਵਿਰੁੱਧ ਜੰਗ ਵਿੱਚ ਮੋਹਰਲੀ ਕਤਾਰ ਵਿੱਚ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਰੋਜ਼ਾਨਾ ਡਿਊਟੀਆਂ ਤੋਂ ਇਲਾਵਾ ਇਸ ਸੰਕਟ ਵਾਲੀ ਸਥਿਤੀ ਵਿਚ ਗਰਾਊਂਡ ਜ਼ੀਰੋ 'ਤੇ ਤਾਇਨਾਤ ਵਿਭਾਗ ਦੇ ਕਰਮਚਾਰੀ ਸੂਬੇ ਦੇ ਨਾਗਰਿਕਾਂ ਦੀ ਸਹਾਇਤਾ ਲਈ ਵਿਆਪਕ ਸਰਗਰਮੀਆਂ ਵਿਚ ਲੱਗੇ ਹੋਏ ਹਨ। ਵਿਭਾਗ ਦੀਆਂ ਗਤੀਵਿਧੀਆਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਸਾਰੀਆਂ ਜਨਤਕ ਥਾਵਾਂ ਜਿਵੇਂ ਕਿ ਗਲੀਆਂ, ਮੁਹੱਲਿਆਂ, ਬਾਜ਼ਾਰਾਂ, ਸਕੂਲਾਂ, ਜਨਤਕ ਪਖਾਨਿਆਂ, ਪਾਰਕਾਂ, ਬੱਸ ਅੱਡੇ, ਰੇਲਵੇ ਸਟੇਸ਼ਨਾਂ, ਮੰਡੀਆਂ ਅਤੇ ਧਾਰਮਿਕ ਸਥਾਨਾਂ 'ਤੇ ਨਿਯਮਤ ਤੌਰ 'ਤੇ ਸਫਾਈ ਮੁਹਿੰਮ ਚਲਾਈ ਜਾ ਰਹੀ ਹੈ।ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਸ਼ਹਿਰੀ ਖੇਤਰਾਂ, ਹਸਪਤਾਲਾਂ ਅਤੇ ਜਨਤਕ ਦਫ਼ਤਰਾਂ ਨੂੰ ਸੈਨੇਟਾਈਜ਼ ਕਰਨ ਲਈ ਮੁਹਿੰਮ ਜ਼ੋਰਾਂ 'ਤੇ ਜਾਰੀ ਹੈ। ਉਨ੍ਹਾਂ ਕਿਹਾ ਕਿ ਜੇਲ੍ਹਾਂ ਦੀ ਸੰਵੇਦਨਸ਼ੀਲਤਾ ਅਤੇ ਮੰਡੀਆਂ ਦੇ ਖਰੀਦ ਸੀਜ਼ਨ ਕਾਰਨ ਇਹਨਾਂ ਦਾ ਨਿਯਮਿਤ ਤੌਰ 'ਤੇ ਸੈਨੇਟਾਈਜੇਸ਼ਨ ਕੀਤਾ ਗਿਆ ਹੈ।ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਕਿਹਾ ਕਿ ਵਿਭਾਗ ਰੋਜ਼ਾਨਾ ਪਾਣੀ ਦੀ ਸਪਲਾਈ, ਸੀਵਰੇਜ ਅਤੇ ਸਟਰੀਟ ਲਾਈਟਾਂ ਦੀ ਸਾਂਭ ਸੰਭਾਲ ਵਰਗੀਆਂ ਮੁੱਢਲੀਆਂ ਸਹੂਲਤਾਂ ਨੂੰ ਵੀ ਯਕੀਨੀ ਬਣਾ ਰਿਹਾ ਹੈ। 

ਸ੍ਰੀ ਮਹਿੰਦਰਾ ਨੇ ਕਿਹਾ ਕਿ ਪਾਣੀ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਪਾਣੀ ਦੇ ਨਮੂਨੇ ਵੀ ਲਏ ਗਏ ਹਨ।ਉਨ੍ਹਾਂ ਕਿਹਾ ਕਿ ਮੱਛਰਾਂ ਦੇ ਵਾਧੇ ਨੂੰ ਰੋਕਣ ਲਈ ਸਬੰਧਤ ਇਲਾਕਿਆਂ ਵਿਚ ਲਾਰਵਿਸਾਈਡਜ਼ ਦਾ ਫਾਗਿੰਗ ਅਤੇ ਛਿੜਕਾਅ ਨਿਯਮਤ ਰੂਪ ਵਿਚ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰੀ ਸਥਾਨਕ ਸੰਸਥਾਵਾਂ ਨੇ ਆਪਣੇ ਕਰਮਚਾਰੀਆਂ ਨੂੰ ਮਾਸਕ, ਦਸਤਾਨੇ, ਜੁੱਤੇ ਅਤੇ ਹੋਰ ਸੁਰੱਖਿਅਕ ਸਮੱਗਰੀ ਮੁਹੱਈਆ ਕਰਵਾਈ ਹੈ ਅਤੇ ਇਹ ਸੁਨਿਸ਼ਚਿਤ ਕੀਤਾ ਜਾਂਦਾ ਹੈ ਕਿ ਉਹ ਆਪਣੀ ਡਿਊਟੀ ਕਰਦੇ ਹੋਏ ਇਹ ਸੁਰੱਖਿਆਤਮਕ ਪਹਿਰਾਵਾ ਪਹਿਨਣ ਅਤੇ ਸਮਾਜਿਕ ਦੂਰੀਆਂ ਦੇ ਨਿਯਮਾਂ ਦੀ ਪਾਲਣਾ ਮਾਪਦੰਡਾਂ ਮੁਤਾਬਕ ਕੀਤੀ ਜਾਵੇ।ਸ੍ਰੀ ਬ੍ਰਹਮ ਮਹਿੰਦਰਾ ਨੇ ਅੱਗੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਭਾਈਵਾਲੀ ਨਾਲ ਸ਼ਹਿਰੀ ਸਥਾਨਕ ਸੰਸਥਾਵਾਂ ਕੋਰੋਨਾ ਵਾਇਰਸ ਦੇ ਸ਼ੱਕੀ ਮਾਮਲਿਆਂ ਦੀ ਪਛਾਣ ਅਤੇ ਕੁਆਰੰਟੀਕਰਨ ਕਰਨ ਵਿਚ ਸਰਗਰਮ ਹਨ। ਸ਼ਹਿਰੀ ਸਥਾਨਕ ਸੰਸਥਾਵਾਂ ਦੇ ਕਰਮਚਾਰੀਆਂ ਨੇ ਪੀੜਤ ਕੋਰੋਨਾ ਵਾਇਰਸ ਦੇ ਅੰਤਮ ਸੰਸਕਾਰ ਦੀਆਂ ਰਸਮਾਂ ਸਬੰਧੀ ਕਾਰਜ ਵੀ ਕੀਤੇ ਹਨ ਜਦੋਂ ਕਿ ਪੀੜਤ ਪਰਿਵਾਰਾਂ ਨੇ ਵੀ ਆਪਣੇ ਸਬੰਧੀਆਂ ਦੇ ਮ੍ਰਿਤਕ ਦੇਹਾਂ ਨੂੰ ਲੈਣ ਤੋਂ ਮਨਾ ਕਰ ਦਿੱਤਾ ਸੀ।ਸਥਾਨਕ ਸਰਕਾਰਾਂ ਮੰਤਰੀ ਨੇ ਕਿਹਾ ਕਿ ਐਨਯੂਐਲਐਮ ਅਧੀਨ ਵਿਭਾਗ ਦੁਆਰਾ ਗਠਿਤ ਸਵੈ ਸਹਾਇਤਾ ਸਮੂਹ (ਐਸਐਚਜੀ) ਵਧੀਆ ਕੰਮ ਕਰ ਰਹੇ ਹਨ ਅਤੇ ਉਹਨਾਂ ਨੇ ਹੁਣ ਤੱਕ 60000 ਮਾਸਕ ਤਿਆਰ ਕਰਕੇ ਯੂਐਲਬੀ ਨੂੰ ਸੌਂਪ ਦਿੱਤੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੀਆਂ ਸੇਵਾਵਾਂ ਦੀ ਵਰਤੋਂ ਕਰਨ ਅਤੇ ਲਾਕਡਾਉਨ ਦੌਰਾਨ ਉਨ੍ਹਾਂ ਲਈ ਰੁਜ਼ਗਾਰ ਪੈਦਾ ਕਰਨ ਲਈ, ਇਨ੍ਹਾਂ ਐਸ.ਐਚ.ਜੀ. ਨੂੰ 2 ਲੱਖ ਮਾਸਕ ਤਿਆਰ ਕਰਨ ਦੇ ਆਦੇਸ਼ ਦਿੱਤੇ ਗਏ ਹਨ।ਮੰਤਰੀ ਨੇ ਕਿਹਾ ਕਿ ਵਿਭਾਗ ਦੇ ਕਾਰਜਕਰਤਾ ਵੀ ਐਨਯੂਐਲਐਮ ਅਧੀਨ ਸ਼ੈਲਟਰ ਫਾਰ ਹੋਮਲੈੱਸ ਲੋਕਾਂ ਲਈ ਮੁਫ਼ਤ ਭੋਜਨ ਮੁਹੱਈਆ ਕਰਾਉਣ ਵਿੱਚ ਜੁਟੇ ਹੋਏ ਹਨ। ਉਨ੍ਹਾਂ ਕਿਹਾ ਕਿ ਸਥਾਨਕ ਸਰਕਾਰਾਂ ਵਿਭਾਗ ਦੇ ਕਰਮਚਾਰੀਆਂ ਦੀ ਨਿਰਸਵਾਰਥ ਅਤੇ ਸਮਰਪਿਤ ਸੇਵਾ ਸਦਕਾ ਲੋਕਾਂ, ਐਨ.ਜੀ.ਓਜ਼ ਅਤੇ ਪ੍ਰਸ਼ਾਸਨ ਨੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਮਾਨਤਾ ਦਿੱਤੀ ਹੈ ਅਤੇ ਕਈ ਥਾਵਾਂ 'ਤੇ ਉਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ ਹੈ।