5 Dariya News

ਖ਼ਾਮੀਆਂ ਨਾਲ ਭਰੀ ਸੀਵਰੇਜ਼ ਦਾ ਚਾਰਜ ਨਾ ਸੰਭਾਲੇ ਨਗਰ ਕੌਂਸਲ - ਰਕੇਸ਼ ਕਾਲੀਆ

5 Dariya News (ਗੋਲਡੀ ਸ਼ੁਕਲਾ)

ਕੁਰਾਲੀ 23-Apr-2020

ਪਿਛਲੇ ਕੁਝ ਸਾਲ ਪਹਿਲਾਂ ਸ਼ਹਿਰ ਵਿੱਚ ਪਾਈ ਗਈ ਸੀਵਰੇਜ ਦੀਆਂ ਖ਼ਾਮੀਆਂ ਨਿਤ ਦਿਨ ਸਾਹਮਣੇ ਆ ਰਹੀਆਂ ਹਨ । ਜਿਵੇਂ ਜਿਵੇਂ ਸ਼ਹਿਰ ਦੇ ਵਸਨੀਕਾਂ ਵੱਲੋਂ ਸੀਵਰੇਜ ਦੇ ਕੁਨੈਕਸ਼ਨ ਲਏ ਜਾ ਰਹੇ ਹਨ ਉਵੇਂ ਉਵੇਂ ਹੀ ਥਾਂ-ਥਾਂ ਤੇ ਸੀਵਰੇਜ ਦੀਆਂ ਖ਼ਾਮੀਆਂ ਵੀ ਉਜਾਗਰ ਹੁੰਦੀਆਂ ਜਾ ਰਹੀਆਂ ਹਨ ਤੇ ਖ਼ਾਮੀਆਂ ਕਾਰਨ ਸ਼ਹਿਰ ਦੀ ਪੁਰਾਣੀ ਅਬਾਦੀ ਵਾਲੇ ਵਾਰਡਾਂ ਵਿੱਚ ਕਈ ਮਕਾਨਾ ਵਿੱਚ ਤਰੇੜਾਂ ਪੈਣ ਦੇ ਮਾਮਲੇ ਵੀ ਸਾਹਮਣੇ ਆ ਚੁੱਕੇ ਹਨ । ਸੀਵਰੇਜ ਦੀਆਂ ਖ਼ਾਮੀਆਂ ਦਾ ਇੱਕ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਵਾਰਡ ਨੰਬਰ ਤਿੰਨ ਅਤੇ ਪੰਜ ਨਗਰ ਕੌਂਸਲ ਦੇ ਬਿਲਕੁਲ ਸਾਹਮਣੇ ਦੀ ਇੱਕ ਗੱਲੀਂ ਵਿੱਚ ਸਿਵਰੇਜ ਦੀ ਸਫਾਈ ਲਈ ਬਣਾਏ ਗਏ ਇੱਕ ਮੇਨਹੋਲ ਵਿੱਚੋਂ ਗੰਦਗੀ ਵਾਪਿਸ ਬਾਹਰ ਆਉਣ ਲੱਗ ਪਈ ਤੇ ਗੰਦਗੀ ਵਿੱਚੋਂ ਆ ਰਹੀ ਬਦਬੂ ਤੋਂ ਪਰੇਸ਼ਾਨ ਮੁਹੱਲਾ ਵਸਨੀਕਾਂ ਵੱਲੋਂ ਨਗਰ ਕੌਂਸਲ ਵਿੱਚ ਸ਼ਿਕਾਇਤ ਦਰਜ ਕਾਰਵਾਈ ਗਈ । ਨਗਰ ਕੌਂਸਲ ਦੇ ਸਫਾਈ ਕਰਮੀਆਂ ਵੱਲੋਂ ਜਦੋਂ ਇਸ ਦੀ ਸਫਾਈ ਦਾ ਕੰਮ ਸ਼ੁਰੂ ਕੀਤਾ ਗਿਆ ਤਾਂ ਉਨ੍ਹਾਂ ਵੱਲੋਂ ਇਸ ਮੇਨਹੋਲ ਤੋਂ ਸੀਵਰੇਜ ਦੀ ਮੁੱਖ ਲਾਈਨ ਵਾਲੀ ਪਾਈਪ ਨੂੰ ਅਗਿਓ ਬੰਦ ਦੱਸਿਆ ਗਿਆ ਤੇ ਜਦੋਂ ਨਗਰ ਕੌਂਸਲ ਦੇ ਸਾਹਮਣੇ ਮੁੱਖ ਪਾਈਪ ਵਾਲੀ ਥਾਂ ਨੂੰ ਪੁੱਟਿਆ ਗਿਆ ਤਾਂ ਉਥੇ ਜੋ ਸਾਹਮਣੇ ਆਇਆ ਉਸ ਨੂੰ ਵੇਖਕੇ ਸਾਰੇ ਹੈਰਾਨ ਹੋ ਗਏ ਕਿ ਮੁੱਖ ਪਾਈਪ ਤੇ ਉਸ ਮੁਹੱਲੇ ਤੋਂ ਆ ਰਹੇ ਸਿਵਰ ਪਾਈਪ ਨੂੰ ਆਪਸ ਵਿੱਚ ਜੋੜਿਆ ਹੀ ਨਹੀਂ ਗਿਆ ਸੀ ਬਲਕਿ ਉਨ੍ਹਾਂ ਪਾਇਪਾਂ ਵਿੱਚ ਪਲਾਸਟਿਕ ਦੇ ਸਮਿੰਟ ਵਾਲੇ ਥੈਲੇ ਫਸਾ ਕੇ ਬੰਦ ਕੀਤਾ ਹੋਇਆ ਸੀ ।

ਕਾਂਗਰਸ ਦੇ ਸਾਬਕਾ ਸੱਕਤਰ ਤੇ ਸਾਬਕਾ ਕੌਂਸਲਰ ਰਕੇਸ਼ ਕਾਲੀਆ ਨੇ ਸਥਾਨਕ ਪੱਤਰਕਾਰਾਂ ਨੂੰ ਮੌਕਾ ਦਿਖਾਉਂਦਿਆਂ ਦੱਸਿਆ ਕਿ ਪਿਣਲੇ 10 ਸਾਲ ਸੱਤਾ ਭੋਗ ਚੁੱਕੀ ਅਕਾਲੀ ਭਾਜਪਾ ਸਰਕਾਰ ਵੱਲੋਂ ਜਦੋਂ ਸ਼ਹਿਰ ਵਿੱਚ ਸੀਵਰੇਜ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਤਾਂ ਸਾਡੀ ਪਾਰਟੀ ਵੱਲੋਂ ਇਸ ਖ਼ਾਮੀਆਂ ਭਰੀ ਸੀਵਰੇਜ ਦਾ ਪੁਰਜੋਰ ਵਿਰੋਧ ਕੀਤਾ ਗਿਆ ਸੀ । ਕਿਉੁਂਕਿ ਅਕਾਲੀ ਸਰਕਾਰ ਵੱਲੋਂ ਸੀਵਰੇਜ ਪਾਉਣ ਸਮੇਂ ਨਾ ਤਾਂ ਪਾਈਪਾਂ ਦੇ ਲੇਬਲ ਵੱਲ ਕੋਈ ਖਾਸ ਧਿਆਨ ਦਿੱਤਾ ਗਿਆ ਤੇ ਨਾ ਹੀ ਸੀਵਰੇਜ ਵਿੱਚ ਵਰਤੇ ਗਏ ਮਟੀਰੀਅਲ ਦੀ ਗੁਣਵੱਤਾ ਵੱਲ । ਸੀਵਰੇਜ ਮਹਿਕਮੇ ਤੇ ਸੀਵਰੇਜ ਪਾਉਣ ਵਾਲੇ ਠੇਕੇਦਾਰ ਦੀਆਂ ਗਲਤੀਆਂ ਦਾ ਖ਼ਮਿਆਜ਼ਾ ਅੱਜ ਪੂਰਾ ਸ਼ਹਿਰ ਭੁਗਤ ਰਿਹਾ ਹੈ ਤੇ ਸੀਵਰੇਜ ਠੇਕੇਦਾਰ ਵੱਲੋਂ ਕੀਤੀਆਂ ਗਲਤੀਆਂ ਅੱਜ ਇੱਕ ਇੱਕ ਕਰਕੇ ਸਾਹਮਣੇ ਆ ਰਹੀਆਂ ਹਨ । ਉਨ੍ਹਾਂ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਨਗਰ ਕੌਂਸਲ ਖ਼ਾਮੀਆਂ ਭਰੀ ਸੀਵਰੇਜ ਦਾ ਚਾਰਜ ਉਸ ਸਮੇਂ ਤੱਕ ਆਪਣੇ ਹੱਥ 'ਚ ਨਾ ਲਵੇਂ ਜਦੋਂ ਤੱਕ ਇਨ੍ਹਾ ਨੂੰ ਦਰੁਸਤ ਨਹੀ ਕੀਤਾ ਜਾਂਦਾ ।ਇਸ ਮੌਕੇ ਹਾਜ਼ਿਰ ਮੁਹੱਲਾ ਨਿਵਾਸੀ ਰਾਜਰਾਣੀ, ਸੁਮਨ ਸ਼ਰਮਾ ਤੇ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਜਦੋਂ ਤੋਂ ਮੁਹੱਲਾ ਵਾਸੀਆਂ ਨੇ ਸਿਵਰੇਜ ਦਾ ਕੁਨੈਕਸ਼ਨ ਲਿਆ ਹੈ ਉਸ ਸਮੇਂ ਤੋਂ ਹੀ ਇਸ ਮੇਨ ਹੋਲ ਤੋਂ ਗੰਦਗੀ ਬਾਹਰ ਆ ਰਹੀ ਹੈ ਤੇ ਗੰਦਗੀ ਤੋਂ ਆਉਂਦੀ ਬਦਬੂ ਕਾਰਨ ਮੁਹੱਲਾ ਨਿਵਾਸੀ ਨਰਕ ਭਰੀ ਜਿੰਦਗੀ ਜਿਉਣ ਨੂੰ ਮਜਬੂਰ ਹੋ ਰਹੇ ਹਨ। ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਕਾਂਗਰਸੀ ਆਗੂ ਹਰੀ ਓਮ ਗੁਪਤਾ ਤੇ ਪਲਵਿੰਦਰ ਸਿੰਘ ਵੀ ਹਾਜਰ ਸਨ ।