5 Dariya News

ਮੋਹਾਲੀ ਪੁਲਿਸ ਨੇ ਏ.ਟੀ.ਐਮ. ਤੇ ਤਾਇਨਾਤ ਗਾਰਡ ਦੀ ਹੱਤਿਆ ਕਰਨ ਦੇ ਮਾਮਲੇ 'ਚ ਸ਼ਾਮਿਲ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ: ਜ਼ਿਲ੍ਹਾ ਪੁਲਿਸ ਮੁਖੀ

ਦੋਸ਼ੀਆਂ ਨੇ ਏ.ਟੀ.ਐਮ. ਨੂੰ ਲੁੱਟਣ ਲਈ ਕੀਤੀ ਸੀ ਗਾਰਡ ਦੀ ਹੱਤਿਆ

5 ਦਰਿਆ ਨਿਊਜ਼

ਐਸ.ਏ.ਐਸ.ਨਗਰ 17-Dec-2013

ਮੁਹਾਲੀ ਪਿਲਸ ਨੇ ਇੱਕ ਅੰਨ੍ਹੇ ਕਤਲ ਕੇਸ ਨੂੰ ਟਰੇਸ ਕਰਕੇ ਕਤਲ 'ਚ ਸ਼ਾਮਿਲ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ।ਦੋਸ਼ੀਆਂ ਨੇ ਬੀਤੇ ਦਿਨੀਂ ਇੰਡੀਅਨ ਬੈਂਕ ਬਰਵਾਲਾ ਰੋਡ  ਡੇਰਾਬਸੀ  ਦੇ ਏ.ਟੀ.ਐਮ. ਨੂੰ ਲੁੱਟਣ ਲਈ ਏ.ਟੀ.ਐਮ. ਤੇ ਤਾਇਨਾਤ ਗਾਰਡ ਆਲਮ ਖਾਨ ਦੀ ਹੱਤਿਆ ਕਰ ਦਿੱਤੀ ਸੀ। ਇਸ ਗੱਲ ਦਾ ਖੁਲਾਸਾ ਜ਼ਿਲ੍ਹੇ ਦੇ ਪੁਲਿਸ ਮੁਖੀ ਸ੍ਰੀ ਇੰਦਰਮੋਹਨ ਸਿੰਘ ਨੇ ਆਪਣੇ ਦਫ਼ਤਰ ਵਿਖੇ ਸੱਦੀ ਗਈ ਭਰਵੀਂ ਪ੍ਰੈਸ ਕਾਨਫਰੰਸ ਦੌਰਾਨ ਕੀਤਾ।ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਇਸ ਅੰਨ੍ਹੇ ਕਤਲ ਕੇਸ ਦੀ ਗੁੱਥੀ ਨੂੰ ਸੁਲਝਾਉਣ ਅਤੇ ਕਾਤਲਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਨ ਲਈ ਐਸ.ਪੀ. (ਡੀ) ਸ੍ਰੀ ਬਲਵਿੰਦਰ ਸਿੰਘ ਦੀ ਨਿਗਰਾਨੀ ਹੇਠ ਇੱਕ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ ਸੀ। ਜਿਸ ਵਿੱਚ ਸੀ.ਆਈ.ਏ.ਸਟਾਫ ਮੁਹਾਲੀ ਦੇ ਇੰਸਪੈਕਟਰ ਸ੍ਰੀ ਗੁਰਵਿੰਦਰ ਸਿੰਘ ਨੂੰ ਵੀ ਸ਼ਾਮਿਲ ਕੀਤਾ ਗਿਆ ਸੀ। ਇਸ ਸਪੈਸ਼ਲ ਟੀਮ ਵੱਲੋਂ ਮੁਕੱਦਮੇ ਦੀ ਤਫ਼ਤੀਸ ਵੱਖ ਵੱਖ ਥਿਊਰੀਆਂ ਤੇ ਕੀਤੀ ਗਈ। ਉਹਨਾਂ ਦੱਸਿਆ ਕਿ ਸੀ.ਆਈ.ਏ. ਸਟਾਫ਼ ਮੁਹਾਲੀ ਦੀ ਪੁਲਿਸ ਵੱਲੋਂ ਪਿੰਡ ਖੇੜੀ ਗੁੱਜਰਾ ਰੋਡ ਡੇਰਾਬਸੀ ਵਿਖੇ ਚੈਕਿੰਗ ਸਬੰਧੀ ਵਿਸ਼ੇਸ਼ ਨਾਕਾਬੰਦੀ ਕੀਤੀ ਹੋਈ ਸੀ ਅਤੇ ਨਾਕਾਬੰਦੀ ਦੌਰਾਨ ਖੁਫ਼ੀਆ ਇਤਲਾਹ ਦੇ ਅਧਾਰ ਤੇ ਗਾਰਡ ਦਾ ਕਤਲ ਕਰਨ ਵਾਲੇ ਦੋ ਦੋਸ਼ੀਆਂ ਨੂੰ ਇੱਕ ਚੋਰੀ ਦੇ ਮੋਟਰਸਾਇਕਲ ਸਮੇਤ ਗ੍ਰਿਫਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਕਤਲ ਵਿੱਚ ਸ਼ਾਮਿਲ ਦੋਸ਼ੀ ਅਨੁਰੁੱਧ ਕੁਮਾਰ ਤਿਵਾੜੀ ਉਰਫ਼ ਜਿਗਰਾ ਉਰਫ਼ ਸੋਨੂੰ ਪੁੱਤਰ ਓਮ ਪ੍ਰਕਾਸ਼ ਤਿਵਾੜੀ ਵਾਸੀ ਪਿੰਡ ਅਸਤੀਕਲ ਬਜਾਰ ਜ਼ਿਲ੍ਹਾ ਫੈਜਾਬਾਦ ਯੂ.ਪੀ. ਜੋ ਕਿ ਮਲੋਆ (ਚੰਡੀਗੜ੍ਹ ) ਵਿਖੇ ਰਹਿਣ ਵਾਲਾ ਹੈ ਅਤੇ ਦੋਸ਼ੀ ਰਾਜ ਕੁਮਾਰ ਉਰਫ਼ ਰਾਜਾ ਪੁੱਤਰ ਧਨੀ ਰਾਮ ਪਿੰਡ ਲਾਲਪੁਰਾ ਜ਼ਿਲ੍ਹਾ ਰੂਪਨਗਰ ਜੋ ਕਿ ਮਲੋਆ ਵਿਖੇ ਰਹਿੰਦਾ ਸੀ ਨੂੰ ਗ੍ਰਿਫਤਾਰ ਕੀਤਾ ਗਿਆ।

ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਦੋਸ਼ੀਆਂ ਨੇ ਮੁੱਢਲੀ ਪੁੱਛਗਿੱਛ ਦੌਰਾਨ ਮੰਨਿਆ ਕਿ ਜਦੋਂ ਇਹ ਏ.ਟੀ.ਐਮ. ਲੁੱਟਣ ਲਈ ਗਏ ਤਾਂ ਗਾਰਡ ਨੇ ਇਹਨਾਂ ਦਾ ਵਿਰੋਧ ਕੀਤਾ ਅਤੇ ਜਦੋਂ ਉਹ ਰੋਲਾ ਪਾਉਣ ਲੱਗਾ ਤਾਂ ਦੋਸ਼ੀਆ ਨੇ ਉਸਦੇ ਸੱਟਾਂ ਮਾਰ ਕੇ ਨਾਲ ਲੱਗਦੀ ਗਲੀ ਵਿੱਚ ਸੁੱਟ ਦਿੱਤਾ ਅਤੇ ਆਪ ਏ.ਟੀ.ਐਮ ਤੋੜਨ ਚਲੇ ਗਏ ਦੋਸ਼ੀਆਂ ਕੋਲੋਂ ਅਚਾਨਕ ਏ.ਟੀ.ਐਮ.'ਚ ਅਚਾਨਕ ਅਲਾਰਮ ਤੇ ਹੱਥ ਵੱਜ ਗਿਆ ਜਿਸ ਕਾਰਨ ਅਲਾਰਮ ਵੱਜਣ ਲੱਗਾ ਅਤੇ ਉਹ ਭੱਜ ਗਏ। ਦੋਸ਼ੀਆਂ ਪਾਸੋਂ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੇ ਗਏ ਕਿਰਚ ਅਤੇ ਕਟਰ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਦੋਸ਼ੀਆਂ ਪਾਸੋਂ ਬਰਾਮਦ ਹੋਇਆ ਪਲਸਰ ਮੋਟਰਸਾਇਕਲ ਦੋਸ਼ੀਆਂ ਨੇ ਕੁਝ ਦਿਨ ਪਹਿਲਾਂ ਸੈਕਟਰ-39 ਚੰਡੀਗੜ੍ਹ ਤੋਂ ਚੋਰੀ ਕੀਤਾ ਸੀ। ਜਿਸ ਸਬੰਧੀ ਥਾਣਾ ਸੈਕਟਰ –39 ਚੰਡੀਗੜ੍ਹ ਵਿਖੇ ਮੁਕੱਦਮਾ ਦਰਜ ਹੈ। ਉਹਨਾਂ ਦੱਸਿਆ ਕਿ ਦੋਸ਼ੀ ਨਸ਼ਿਆਂ ਦੇ ਆਦੀ ਹਨ ਅਤੇ ਉਹ ਪਹਿਲਾਂ ਵੀ ਘਰਾਂ ਅਤੇ ਦੁਕਾਨਾਂ ਵਿੱਚੋਂ ਤਾਲੇ ਤੋੜ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਪੁੱਛਗਿੱਛ ਦੌਰਾਨ ਉਹਨਾਂ ਖਰੜ ਵਿਖੇ ਇੱਕ ਮਕਾਨ ਵਿੱਚੋਂ ਘਰ ਦਾ ਕੀਮਤੀ ਸਮਾਨ ਚੋਰੀ ਕਰਨਾ ਮੰਨਿਆ ਹੈ। ਇਹਨਾਂ ਪਾਸੋਂ ਚੋਰੀ ਦੀਆਂ ਵਾਰਦਾਤਾ ਦੇ ਹੋਰ ਵੱਡੇ ਖੁਲਾਸੇ ਹੋਣ ਦੀ ਆਸ ਹੈ। 

ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਡੇਰਾਬਸੀ ਵਿਖੇ ਮੋਹਨ ਲਾਲ ਗਰਗ ਮਨੈਜਰ ਇੰਡੀਅਨ ਬੈਂਕ ਬਰਵਾਲਾ ਰੋਡ ਡੇਰਾਬਸੀ ਦੇ ਬਿਆਨ ਤੇ ਥਾਣਾ ਡੇਰਾਬਸੀ ਵਿਖੇ ਮੁਕੱਦਮਾ ਨੰਬਰ 236 ਮਿਤੀ 10 ਨਵੰਬਰ 2013 ਅਧੀਨ ਧਾਰਾ 302, 34, ਹਿੰ:ਦੁ: ਤਹਿਤ ਨਾਮਾਲੁਮ ਦੋਸ਼ੀਆਂ ਵਿਰੁੱਧ ਮੁਕੱਦਮਾ ਦਰਜ ਹੋਇਆ ਸੀ। ਬੈਂਕ ਮਨੈਜਰ ਪੁਲਿਸ ਨੂੰ ਇਤਲਾਹ ਦਿੱਤੀ ਸੀ ਕਿ ਡੇਰਾਬਸੀ ਵਿਖੇ ਉਹਨਾਂ ਦੇ ਬੈਂਕ ਦੇ ਏ.ਟੀ.ਤੇ ਲੱਗਿਆ ਗਾਰਡ ਕੁਲਦੀਪ ਸਿੰਘ ਵਾਸੀ ਹਿਮਾਚਲ ਪ੍ਰਦੇਸ਼ 9 ਨਵੰਬਰ ਨੂੰ ਦੋ ਦਿਨਾਂ ਦੀ ਛੁੱਟੀ ਤੇ ਗਿਆ ਸੀ ਅਤੇ ਉਹ ਪਹਿਲਾਂ ਦੀ ਤਰ੍ਹਾਂ ਆਪਣੇ ਗੁਆਂਢੀ ਆਲਮ ਖਾਨ ਨੂੰ ਆਪਣੀ ਥਾਂ ਤੇ ਡਿਊਟੀ ਦੇਣ ਲਈ ਛੱਡ ਗਿਆ ਸੀ 9 ਅਤੇ 10 ਨਵੰਬਰ ਦੀ ਦਰਮਿਆਨੀ ਰਾਤ ਨੂੰ ਆਲਮ ਖਾਨ ਡਿਊਟੀ ਤੇ ਸੀ 10 ਨਵੰਬਰ ਨੂੰ ਉਹਨਾਂ ਨੂੰ ਸਵੇਰੇ ਟੈਲੀਫੋਨ ਰਹੀਂ ਪਤਾ ਲੱਗਿਆ ਕਿ ਉਹਨਾਂ ਦੇ ਬੈਂਕ ਦੀ ਏ.ਟੀ.ਐਮ. ਮਸ਼ੀਨ ਵਾਲਾ ਕਮਰਾ ਖੁੱਲਾ ਹੈ ਅਤੇ ਗਾਰਡ ਦੀ ਲਾਸ ਨੇੜੇ ਵਾਲੀ ਗਲੀ ਵਿੱਚ ਖੂਨ ਨਾਲ ਲੱਥ ਪੱਥ ਹੋਈ ਪਈ ਹੈ ਜਿਸ ਦੇ ਸਿਰ ਵਿੱਚ ਸੱਟਾਂ ਦੇ ਨਿਸ਼ਾਨ ਹਨ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਪੁਲਿਸ ਨੇ ਅੰਨ੍ਹੇ ਕਤਲ ਕੇਸ ਨੂੰ ਸੁਲਝਾਉਣ ਲਈ ਪੂਰੀ ਮੁਸਤੈਦੀ ਨਾਲ ਕੰਮ ਕਰਕੇ ਕਾਤਲਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।ਬਾਅਦ ਵਿੱਚ ਪੱਤਰਕਾਰਾਂ ਵੱਲੋਂ ਐਸ.ਏ.ਐਸ.ਨਗਰ ਦੀ ਟਰੈਫਿਕ ਦੀ ਸਮੱਸਿਆ ਅਤੇ ਜ਼ਿਲ੍ਹੇ 'ਚ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਪੁੱਛੇ ਸਵਾਲ ਦੇ ਜਵਾਬ ਵਿੱਚ ਉਹਨਾਂ ਆਖਿਆ ਕਿ ਐਸ.ਏ.ਐਸ.ਨਗਰ ਜ਼ਿਲ੍ਹੇ 'ਚ ਨਸ਼ਿਆਂ ਦੇ ਸੌਦਾਗਰਾਂ ਨੂੰ ਕਿਸੇ ਵੀ ਕੀਮਤ ਤੇ ਬਖ਼ਸਿਆ ਨਹੀਂ ਜਾਵੇਗਾ ਅਤੇ ਪੁਲਿਸ ਨਸ਼ਿਆਂ ਤੇ ਠੱਲ੍ਹ ਪਾਉਣ ਲਈ ਇੱਕ ਜਾਗਰੂਕਤਾ ਮੁਹਿੰਮ ਵੀ ਵਿੰਢੇਗੀ ਜਿਸ ਪ੍ਰਤੀ ਆਮ ਲੋਕਾਂ ਨੂੰ ਨਸ਼ਿਆਂ ਦੇ ਮਨੁੱਖੀ ਸਿਹਤ ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ। ਉਹਨਾਂ ਸ਼ਹਿਰ 'ਚ ਟਰੈਫਿਕ ਦੀ ਸਮੱਸਿਆ ਤੇ ਕਾਬੂ ਪਾਉਣ ਲਈ ਕੀਤੇ ਜਾਣ ਵਾਲੇ ਪੁਖਤਾ ਪ੍ਰਬੰਧਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਇਸ ਸਮੱਸਿਆ ਦੇ ਹੱਲ ਲਈ ਲੋਕਾਂ ਦਾ ਸਹਿਯੋਗ ਵੀ ਲਿਆ ਜਾਵੇਗਾ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਭੈੜੇ ਅਨਸਰਾਂ ਤੇ ਸਖ਼ਤ ਨਿਗ੍ਹਾ ਰੱਖੀ ਜਾਵੇਗੀ ਅਤੇ ਕਿਸੇ ਨੂੰ ਵੀ ਅਮਨ ਕਾਨੂੰਨ ਦੀ ਵਿਵਸਥਾ ਨੂੰ ਭੰਗ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਹਨਾਂ ਹੋਰ ਦੱਸਿਆ ਕਿ ਸ਼ਹਿਰ ਦੀਆਂ ਹਾਊਸਿੰਗ ਸੋਸਾਇਟੀਆਂ ਅਤੇ ਪੀ.ਜੀ. ਸੈਂਟਰਾਂ ਦੀ ਅਚਨਚੇਤੀ ਚੈਕਿੰਗ ਨੂੰ ਰੈਗੂਲਰ ਤੌਰ ਤੇ ਕੀਤਾ ਜਾਵੇਗਾ।