5 Dariya News

ਮੱਛਲੀ ਕਲਾਂ ਵਲੋਂ ਪਿੰਡ ਭਾਗੋਮਾਜਰਾ ਵਿਖੇ ਕਣਕ ਖ਼ਰੀਦ ਕੇਂਦਰ ਦਾ ਦੌਰਾ

ਕੰਡਿਆਂ-ਵੱਟਿਆਂ ਦੀ ਕੀਤੀ ਜਾਂਚ, ਕਿਸਾਨਾਂ ਤੇ ਪੱਲੇਦਾਰਾਂ ਨੂੰ 'ਕੋਰੋਨਾ ਵਾਇਰਸ' ਕਾਰਨਸਾਵਧਾਨੀਆਂ ਵਰਤਣ ਲਈ ਆਖਿਆ

5 Dariya News

ਐਸ.ਏ.ਐਸ. ਨਗਰ (ਮੁਹਾਲੀ) 20-Apr-2020

ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਸਿਆਸੀ ਸਕੱਤਰ ਅਤੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਅੱਜ ਨਜ਼ਦੀਕੀ ਪਿੰਡ ਭਾਗੋਮਾਜਰਾ ਦੇ ਫ਼ੋਕਲ ਪੁਆਇੰਟ ਵਿਖੇ ਸਥਾਪਤ ਕਣਕ ਖ਼ਰੀਦ ਕੇਂਦਰ  ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਤਹਿਸੀਲਦਾਰ ਅਤੇ ਨੋਡਲ ਅਫ਼ਸਰ ਰਵਿੰਦਰ ਬਾਂਸਲ ਅਤੇ ਚੇਅਰਪਰਸਨ ਜ਼ਿਲਾ ਪ੍ਰੀਸ਼ਦ ਮੋਹਾਲੀ ਦੇ ਪਤੀ ਤੇ ਸੀਨੀਅਰ ਕਾਂਗਰਸੀ ਆਗੂ ਗੁਰਧਿਆਨ ਸਿੰਘ ਦੁਰਾਲੀ ਵੀ ਸਨ। ਦੌਰੇ ਦੌਰਾਨ ਸ੍ਰੀ ਮੱਛਲੀ ਕਲਾਂ ਨੇ ਜਿਥੇ ਕੰਡਿਆਂ-ਵੱਟਿਆਂ ਦੀ ਜਾਂਚ ਕੀਤੀ, ਉਥੇ ਹੀ ਖ਼ਰੀਦ ਕੇਂਦਰ 'ਤੇ ਕਣਕ ਲੈ ਕੇ ਆਏ ਕਿਸਾਨਾਂ, ਪੱਲੇਦਾਰਾਂ ਅਤੇ ਹੋਰ ਲੋਕਾਂ ਨੂੰ 'ਕੋਰੋਨਾ ਵਾਇਰਸ' ਮਹਾਮਾਰੀ ਫੈਲੀ ਹੋਣ ਕਾਰਨ ਮਾਸਕ ਪਾਉਣ, ਇਕ ਦੂਜੇ ਤੋਂ ਜ਼ਰੂਰੀ ਫ਼ਾਸਲਾ ਰੱਖਣ ਅਤੇ ਵਾਰ ਵਾਰ ਹੱਥ ਧੋਣ ਲਈ ਵੀ ਪ੍ਰੇਰਿਆ।  ਇਸ ਮੌਕੇ ਗੱਲਬਾਤ ਕਰਦਿਆਂ ਮੱਛਲੀ ਕਲਾਂ ਨੇ ਦਸਿਆ ਕਿ ਖ਼ਰੀਦ ਕੇਂਦਰ 'ਤੇ ਕਣਕ ਦੀ ਨਿਰਵਿਘਨ ਤਰੀਕੇ ਨਾਲ ਖ਼ਰੀਦ ਕੀਤੀ ਜਾ ਹੀ ਹੈ ਅਤੇ ਮਾਰੀਕਟ ਕਮੇਟੀ ਖਰੜ ਅਧੀਨ ਆਉਂਦੇ ਸਾਰੇ ਖ਼ਰੀਦ ਕੇਂਦਰਾਂ 'ਤੇ ਕਿਸਾਨਾਂ ਦੀ ਸੌਖ-ਸਹੂਲਤ ਦਾ ਪੂਰਾ ਧਿਆਨ ਰਖਿਆ ਜਾ ਰਿਹਾ ਹੈ।ਉਨ੍ਹਾਂ ਦਸਿਆ ਕਿ ਮਾਰਕੀਟ ਕਮੇਟੀ ਖਰੜ ਅਧੀਨ ਪੈਂਦੀਆਂ ਸਾਰੀਆਂ ਮੰਡੀਆਂ ਨੂੰ ਸੈਨੇਟਾਇਜ਼ ਕਰਨ ਦਾ ਕੰਮ ਕੀਤਾ ਜਾ ਚੁੱਕਾ ਹੈ ਤਾਂ ਕਿ 'ਕੋਰੋਨਾ ਵਾਇਰਸ' ਮਹਾਮਾਰੀ ਦਾ ਫੈਲਾਅ ਰੋਕਿਆ ਜਾ ਸਕੇ। ਉਨ੍ਹਾਂ ਇਹ ਵੀ ਦਸਿਆ ਕਿ ਮਾਰਕੀਟ ਕਮੇਟੀ ਖਰੜ ਅਧੀਨ ਪੈਂਦੀਆਂ ਸਾਰੀਆਂ ਮੰਡੀਆਂ ਵਿਚ ਅੱਜ ਤਕ 4498 ਟਨ ਕਣਕ ਖ਼ਰੀਦੀ ਜਾ ਚੁੱਕੀ ਹੈ। ਮੰਡੀਆਂ ਵਿਚ ਕਣਕ ਦੀ ਚੁਕਾਈ ਅਤੇ ਕਿਸਾਨਾਂ ਨੂੰ ਫ਼ਸਲ ਦੀ ਅਦਾਇਗੀ ਦਾ ਕੰਮ ਲਗਾਤਾਰ ਕੀਤਾ ਜਾ ਰਿਹਾ ਹੈ। ਮੰਡੀਆਂ ਵਿਚ ਬਾਰਦਾਨੇ ਦੀ ਮਾਤਰਾ ਤਸੱਲਸ਼ਬਖ਼ਸ਼ ਹੈ। ਉਨ੍ਹਾਂ ਦਸਿਆ ਕਿ ਜਾਂਚ ਦੌਰਾਨ ਆੜਤੀਆਂ ਦੇ ਕੰਡੇ-ਵੱਟੇ ਬਿਲਕੁਲ ਸਹੀ ਪਾਏ ਗਏ ਅਤੇ ਫ਼ਸਲ ਲੈ ਕੇ ਮੰਡੀ ਵਿਚ ਪਹੁੰਚੇ ਕਿਸਾਨਾਂ ਨੇ ਵੀ ਮੰਡੀ ਵਿਚਲੇ ਪ੍ਰਬੰਧਾਂ 'ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਮੰਡੀ ਸੁਪਰਵਾਇਜ਼ਰ ਹਰਪਾਲ ਸਿੰਘ, ਪਨਸਪ ਦੇ ਇੰਸਪੈਕਟਰ ਬਿਕਰਮਜੀਤ ਸਿੰਘ ਅਤੇ ਆੜਤੀ ਮੋਹਨ ਲਾਲ, ਪਰਮਜੀਤ ਸਿੰਘ ਪਾਸੀ ਆੜਤੀ, ਕੁਲਵਿੰਦਰ ਸਿੰਘ ਆਕਸ਼ਨ ਰੀਕਾਰਡਰ ਆਦਿ ਵੀ ਮੌਜੂਦ ਸਨ।