5 Dariya News

ਮਾਰਕੀਟ ਕਮੇਟੀ ਖਰੜ ਅਧੀਨ ਕਣਕ ਖ਼ਰੀਦ ਕੇਂਦਰਾਂ ਵਿਚ ਹੱਥ ਧੋਣ ਵਾਲੀਆਂ ਮਸ਼ੀਨਾਂ ਸਥਾਪਤ : ਹਰਕੇਸ਼ਚੰਦ ਸ਼ਰਮਾ ਮੱਛਲੀ ਕਲਾਂ

'ਕੋਰੋਨਾ ਵਾਇਰਸ' ਦਾ ਫੈਲਾਅ ਰੋਕਣ ਲਈ ਅਨਾਜ ਮੰਡੀਆਂ ਵਿਚ ਲੋੜੀਂਦੇ ਪ੍ਰਬੰਧ

5 Dariya News

ਖਰੜ 18-Apr-2020

ਮੰਡੀਆਂ ਵਿਚ ਕਣਕ ਦੀ ਫ਼ਸਲ ਲੈ ਕੇ ਆ ਰਹੇ ਕਿਸਾਨਾਂ ਅਤੇ ਹੋਰਨਾਂ ਵਿਅਕਤੀਆਂ ਨੂੰ 'ਕੋਰੋਨਾ ਵਾਇਰਸ' ਮਹਾਮਾਰੀ ਤੋਂ ਬਚਾਉਣ ਲਈ ਵੀ ਪੰਜਾਬ ਸਰਕਾਰ ਦੁਆਰਾ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਜ਼ਿਲਾ ਮੋਹਾਲੀ ਦੀ ਮਾਰਕੀਟ ਕਮੇਟੀ ਖਰੜ ਅਧੀਨ ਆਉਂਦੇ ਕਣਕ ਖ਼ਰੀਦ ਕੇਂਦਰਾਂ-ਖਰੜ ਅਨਾਜ ਮੰਡੀ, ਚੱਪੜਚਿੜੀ, ਦਾਊਂ ਮਾਜਰਾ ਅਤੇ ਭਾਗੋ ਮਾਜਰਾ ਦੇ ਮੁੱਖ ਗੇਟਾਂ ਉਤੇ ਹੱਥ ਧੋਣ ਵਾਲੀਆਂ ਆਟੋਮੈਟਿਕ ਮਸ਼ੀਨਾਂ ਸਥਾਪਤ ਕੀਤੀਆਂ ਗਈਆਂ ਹਨ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਰਕੀਟ ਕਮੇਟੀ ਕਮੇਟੀ ਖਰੜ ਦੇ ਚੇਅਰਮੈਨ ਹਰਕੇਸ਼ਚੰਦ ਸ਼ਰਮਾ ਮੱਛਲੀ ਕਲਾਂ ਨੇ ਦਸਿਆ ਕਿ ਇਨਾਂ ਖ਼ਰੀਦ ਕੇਂਦਰਾਂ ਵਿਚ ਜਦ ਵੀ ਕੋਈ ਕਿਸਾਨ ਜਾਂ ਮਜ਼ਦੂਰ ਦਾਖ਼ਲ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਮੁੱਖ ਗੇਟ ਉਤੇ ਹੀ ਆਟੋਮੈਟਿਕ ਮਸ਼ੀਨ ਰਾਹੀਂ ਉਸ ਦੇ ਹੱਥ ਧੁਆ ਕੇ ਉਸ ਨੂੰ ਸੈਨੇਟਾਇਜ਼ ਕੀਤਾ ਜਾਂਦਾ ਹੈ ਤਾਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਉਨਾਂ ਦਸਿਆ ਕਿ ਖ਼ਰੀਦ ਕੇਂਦਰਾਂ 'ਤੇ ਬਿਜਲੀ, ਪੀਣ ਵਾਲੇ ਸਾਫ਼ ਪਾਣੀ ਅਤੇ ਧੁੱਪ ਤੋਂ ਬਚਾਅ ਲਈ ਛਾਂ ਦੇ ਪੂਰੇ ਪ੍ਰਬੰਧ ਹਨ ਤਾਂ ਕਿ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਹੋਵੇ। ਮੱਛਲੀ ਕਲਾਂ ਨੇ ਦਸਿਆ ਕਿ ਕਿਸਾਨਾਂ ਅਤੇ ਆੜਤੀਆਂ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਉਹ ਦਿਨ ਰਾਤ ਸਰਗਰਮ ਰਹਿੰਦੇ ਹਨ ਅਤੇ ਜੇ ਲੋਕਾਂ ਨੂੰ ਕੋਈ ਸਮੱਸਿਆ ਪੇਸ਼ ਆਉਂਦੀ ਹੈ ਤਾਂ ਉਹ ਬਿਨਾਂ ਕਿਸੇ ਝਿਜਕ ਉਨਾਂ ਨਾਲ ਸਾਂਝੀ ਕਰ ਸਕਦੇ ਹਨ ਜਿਸ ਦਾ ਜਿੰਨੀ ਛੇਤੀ ਹੋ ਸਕੇ, ਹੱਲ ਕੀਤਾ ਜਾਵੇਗਾ।   ਇਸ ਮੌਕੇ ਖਰੜ ਮਾਰਕੀਟ ਕਮੇਟੀ ਦੀ ਸਕੱਤਰ ਅਰਚਨਾ ਬਾਂਸਲ, ਮੰਡੀ ਸੁਪਰਵਾਇਜ਼ਰ ਬਲਵਿੰਦਰ ਸਿੰਘ, ਚਰਨਜੀਤ ਸਿੰਘ, ਸੰਜੀਵ ਕੁਮਾਰ ਰੂਬੀ, ਹਰਬੰਸ ਲਾਲ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।