5 Dariya News

ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰ ਕੋਵਿਡ 19 ਖਿਲਾਫ ਚਲਾ ਰਹੇ ਹਨ ਜਾਗਰੂਕਤਾ ਮੁਹਿੰਮ

ਪਿੰਡਾਂ ਦੇ ਨਾਲ-ਨਾਲ ਸੋਸ਼ਲ ਮੀਡੀਏ ਜ਼ਰੀਏ ਕਰ ਰਹੇ ਹਨ ਕੰਮ

5 Dariya News

ਅੰਮ੍ਰਿਤਸਰ 15-Apr-2020

ਨੋਵਲ ਕੋਰੋਨਾ ਵਾਇਰਸ (ਕੋਵਿਡ-19) ਨੂੰ ਫੈਲਣ ਤੋਂ ਰੋਕਣ ਲਈ ਨਹਿਰੂ ਯੁਵਾ ਕੇਂਦਰ ਨਾਲ ਸਬੰਧਤ ਜ਼ਿਲੇ ਦੀਆਂ ਯੂਥ ਕਲੱਬਾਂ ਜਿੱਥੇ ਕੋਰੋਨਾ ਵਿਰੁੱਧ ਪਿੰਡਾਂ ਵਿਚ ਨਾਕੇ ਲਗਾ ਕੇ ਬਾਹਰੋਂ ਆਉਣ ਵਾਲੇ ਲੋਕਾਂ ਨੂੰ ਰੋਕ ਰਹੀਆਂ ਹਨ, ਉਥੇ ਸਾਵਧਾਨੀ ਵਾਲੀ ਜੰਗ ਲੜਨ ਦਾ ਸੁਨੇਹਾ ਸੋਸ਼ਲ ਮੀਡੀਆ ਜ਼ਰੀਏ ਘਰ-ਘਰ ਪਹੁੰਚਾਉਣ ਦਾ ਕੰਮ ਕਰ ਰਹੀਆਂ ਹਨ। ਜਿਲਾ ਯੂਥ ਕੁਆਰਡੀਨੇਟਰ ਅੰਕਾਸ਼ਾ ਮਹਾਂਵੇਰੀਆ ਨੇ ਦੱਸਿਆ ਕਿ ਸਾਰੇ ਨੌਜਵਾਨ ਵੱਲੋਂ ਨਿਭਾਏ ਜਾ ਰਹੇ ਅਹਿਮ ਰੋਲ ਦੀ ਪ੍ਰਸ਼ੰਸਾ ਕਰਦਿਆ ਕਿਹਾ ਕਿ ਹੁਣ ਹਾੜੀ ਦਾ ਸੀਜ਼ਨ ਸਾਡੇ ਸਭਨਾਂ ਲਈ ਵੱਡੀ ਚਣੌਤੀ ਹੈ ਅਤੇ ਅਸੀ ਕਿਸਾਨ ਭਰਾਵਾਂ ਦਾ ਹਰ ਪੱਖੋਂ ਸਹਿਯੋਗ ਦੇ ਕੇ ਉਨਾਂ ਨੂੰ ਇਸ ਅਹਿਮ ਮੌਕੇ ਹਰ ਤਰਾਂ ਦੇ ਪਰਹੇਜ਼ ਤੋਂ ਜਾਗਰੂਕ ਕਰਕੇ ਉਨਾਂ ਦਾ ਕੋਰੋਨਾ ਵਾਇਰਸ ਤੋਂ ਬਚਾਅ ਕਰਨਾ ਹੈ।ਉਨਾਂ ਦੱਸਿਆ ਕਿ ਨੌਜਵਾਨ ਮੈਂਬਰ ਲੋਕਾਂ ਤੱਕ ਰਾਸ਼ਨ ਪਹੁੰਚਾਉਣ, ਘਰਾਂ ਵਿਚ ਮਾਸਕ ਤਿਆਰ ਕਰਨ, ਮਾਸਕ ਦੀ ਵਰਤੋਂ ਜ਼ਰੂਰੀ ਕਿਉਂ, ਵਾਇਰਸ ਦੇ ਖਾਤਮੇ ਲਈ ਰਸਾਇਣ ਦਾ ਸਪਰੇਅ ਕਰਨ ਵਰਗੇ ਕੰਮ ਨਾਲ ਲੱਗ ਕੇ ਕਰ ਰਹੇ ਹਨ। ਇਸ ਤੋਂ ਇਲਾਵਾ ਉਨਾਂ ਕਲੱਬਾਂ ਨੂੰ ਬੇਨਤੀ ਕੀਤੀ ਕਿ ਉਹ ਇਸ ਬੀਮਾਰੀ ਸਬੰਧੀ ਜਾਣਕਾਰੀ ਲਈ ਆਪਣੇ ਮੋਬਾਈਲ 'ਤੇ ਅਰੋਗਿਆ ਸੈਤੂ ਅਤੇ ਦੀਕਸ਼ਾ ਐਪ ਡਾਊਨਲੋਡ ਕਰਨ ਅਤੇ ਇਸ ਬਾਬਤ ਲੋਕਾਂ ਨੂੰ ਜਾਣੂੰ ਕਰਵਾਉਣ। ਮੈਡਮ ਅੰਕਾਸ਼ਾ ਨੇ ਕਿਹਾ ਕਿ ਜੇਕਰ ਪਿੰਡਾਂ ਵਿਚ ਨੌਜਵਾਨ ਘਰ-ਘਰ ਕੋਰੋਨਾ ਤੋਂ ਬਚਾਅ ਦੀ ਜਾਗਰੂਕਤਾ ਪਹੁੰਚਾ ਦੇਣ ਤਾਂ ਸਾਡੇ ਜਿਲੇ ਦੇ ਲੋਕ ਇਸ ਦੇ ਮਾਰੂ ਪ੍ਰਭਾਵ ਤੋਂ ਅਸਾਨੀ ਨਾਲ ਬਚੇ ਰਹਿ ਸਕਦੇ ਹਨ ਅਤੇ ਇਸ ਬਿਮਾਰੀ ਤੋਂ ਲੜਨ ਲਈ ਇਸ ਦੀ ਜਾਣਕਾਰੀ ਹੋਣਾ ਹੀ ਵੱਡਾ ਬਚਾਅ ਹੈ। ਉਨਾਂ ਮੈਂਬਰਾਂ ਦੀ ਹੌਸ਼ਲਾ ਅਫਜ਼ਾਈ ਕਰਦੇ ਕਿਹਾ ਕਿ ਲੋਕਾਂ ਨੂੰ ਬਿਨਾਂ ਵਜਾ ਘਰਾਂ ਤੋਂ ਨਾ ਨਿਕਲਣ ਲਈ ਸਮਝਾ ਕੇ ਤੁਸੀਂ ਸੁਸਾਇਟੀ ਦਾ ਵੱਡਾ ਕੰਮ ਕਰ ਰਹੇ ਹੋ ਅਤੇ ਇਸ ਨੂੰ ਬਿਮਾਰੀ ਦੇ ਖਾਤਮੇ ਤੱਕ ਜਾਰੀ ਰੱਖੋ।