5 Dariya News

ਕੋਵਿਡ-19 ਦੇ ਮੱਦੇਨਜ਼ਰ ਜਨਤਕ ਨੀਤੀਆਂ ਸਬੰਧੀ ਚੁਣੌਤੀਆਂ ਨਾਲ ਨਜਿੱਠਣ ਲਈ 20 ਮੈਂਬਰੀ ਟਾਸਕ ਫੋਰਸ ਦਾ ਗਠਨ

ਟਾਸਕ ਫੋਰਸ ਨੂੰ ਆਪਣੀਆਂ ਸਿਫਾਰਸ਼ਾਂ 24 ਅਪ੍ਰੈਲ ਤੱਕ ਜਮ੍ਹਾਂ ਕਰਾਉਣ ਲਈ ਕਿਹਾ

5 Dariya News

ਚੰਡੀਗੜ੍ਹ 14-Apr-2020

ਪੰਜਾਬ ਸਰਕਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ 'ਤੇ ਕੋਵਿਡ -19 ਮਹਾਂਮਾਰੀ ਨਾਲ ਨਜਿੱਠਣ ਲਈ ਜਨਤਕ ਨੀਤੀ ਚੁਣੌਤੀਆਂ ਦੇ ਹੱਲ ਲਈ ਛੋਟੇ ਅਤੇ ਦਰਮਿਆਨੇ ਮਿਆਦ ਦੇ ਉਪਾਅ ਸੁਝਾਉਣ ਲਈ 20 ਮੈਂਬਰੀ ਟਾਸਕ ਫੋਰਸ ਦਾ ਗਠਨ ਕੀਤਾ ਹੈ ਜਿਸ ਵਿਚ ਲੌਕਡਾਉਨ ਦੌਰਾਨ ਲਗਾਈਆਂ ਗਈਆਂ ਪਾਬੰਦੀਆਂ 'ਚ  ਪੜਾਅਵਾਰ ਢੰਗ ਨਾਲ ਛੋਟ ਦੇਣਾ ਵੀ ਸ਼ਾਮਲ ਹੈ।ਟਾਸਕ ਫੋਰਸ ਨੂੰ ਇਸ ਨੋਟੀਫਿਕੇਸ਼ਨ ਦੇ ਜਾਰੀ ਹੋਣ ਦੇ 10 ਦਿਨਾਂ ਦੇ ਅੰਦਰ-ਅੰਦਰ ਆਪਣੀਆਂ ਸਿਫਾਰਸ਼ਾਂ ਰਾਜ ਸਰਕਾਰ ਨੂੰ ਸੌਂਪਣ ਦਾ ਹੁਕਮ ਦਿੱਤਾ ਗਿਆ ਹੈ( ਭਾਵ 24 ਅਪ੍ਰੈਲ, 2020 ਤੱਕ )। ਟਾਸਕ ਫੋਰਸ ਨੂੰ ਮਾਹਰਾਂ ਅਤੇ ਸੰਸਥਾਵਾਂ ਤੋਂ ਲੋੜੀਂਦੀ ਜਾਣਕਾਰੀ ਅਤੇ ਡੇਟਾ ਲੈਣ ਲਈ ਵੀ ਕਿਹਾ ਗਿਆ ਹੈ।ਜ਼ਿਕਰਯੋਗ ਹੈ ਕਿ ਕੋਵਿਡ -19 ਲਾਗ ਦੀ ਰੋਕਥਾਮ ਲਈ ਮਨੁੱਖੀ ਵਿਹਾਰ ਵਿੱਚ ਕਈ ਤਬਦੀਲੀਆਂ ਦੀ ਲੋੜ ਹੁੰਦੀ ਹੈ, ਜਿਸ ਵਿੱਚ ਗਤੀਸ਼ੀਲਤਾ ਨੂੰ ਸੀਮਤ ਕਰਨਾ, ਸਰੀਰਕ ਦੂਰੀ ਬਣਾਈ ਰੱਖਣਾ ਅਤੇ ਵਿਅਕਤੀਗਤ ਸਫਾਈ ਸ਼ਾਮਲ ਹੈ।ਨਵੇਂ ਮਾਪਦੰਡਾਂ ਅਨੁਸਾਰ ਸਮਾਜਿਕ-ਆਰਥਿਕ ਗਤੀਵਿਧੀਆਂ ਦੇ ਆਯੋਜਨ ਲਈ ਕਈ ਨੀਤੀਗਤ ਦਖਲਾਂ ਦੀ ਲੋੜ ਪਵੇਗੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਦੱਸਿਆ ਕਿ ਇਸ ਟਾਸਕ ਫੋਰਸ ਵਿੱਚ ਸੇਵਾਮੁਕਤ ਆਈ.ਏ .ਐਸ ਅਧਿਕਾਰੀ  ਜਿਨ੍ਹਾਂ ਵਿਚ ਡੀਐਸ ਕੱਲਾ ਕਨਵੀਨਰ ਵਜੋਂ , ਕੇ .ਆਰ ਲਖਨਪਾਲ ਅਤੇ ਸਾਬਕਾ ਆਈਪੀਐਸ ਅਧਿਕਾਰੀ ਐੱਨ.ਐੱਸ. ਸੰਧੂ ਬਤੌਰ ਮੈਂਬਰ ਵਜੋਂ ਸ਼ਾਮਲ ਹੋਣਗੇ।ਇਸ ਤੋਂ ਇਲਾਵਾ ਮੁੱਖ ਸੰਪਾਦਕ ਪੰਜਾਬੀ ਟ੍ਰਿਬਿਊਨ ਡਾ. ਸਵਰਾਜ ਬੀਰ ਸਿੰਘ, ਸੀਨੀਅਰ ਐਡਵੋਕੇਟ ਮਨਮੋਹਨ ਲਾਲ ਸਰੀਨ, ਸਾਬਕਾ ਡਾਇਰੈਕਟਰ ਪੀ.ਜੀ.ਆਈ.ਐਮ.ਈ.ਆਰ. ਡਾ ਕੇ.ਕੇ. ਤਲਵਾੜ, ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਫਰੀਦਕੋਟ ਦੇ ਉਪ ਕੁਲਪਤੀ ਡਾ. ਰਾਜ ਬਹਾਦਰ, ਸਕੂਲ ਆਫ਼ ਪਬਲਿਕ ਹੈਲਥ ਪੀ.ਜੀ.ਆਈ.ਐਮ.ਈ.ਆਰ. ਦੇ ਸਾਬਕਾ ਮੁਖੀ ਡਾ. ਰਾਜੇਸ਼ ਕੁਮਾਰ, ਪੰਜਾਬ ਸਟੇਟ ਫਾਰਮਰਜ਼ ਐਂਡ ਫਾਰਮ ਵਰਕਰਜ਼ ਕਮਿਸ਼ਨ ਦੇ ਚੇਅਰਮੈਨ ਅਜੇ ਵੀਰ ਜਾਖੜ, ਬੀਕੇਯੂ ਆਗੂ ਭੁਪਿੰਦਰ ਸਿੰਘ ਮਾਨ, ਚੇਅਰਮੈਨ ਵਰਧਮਾਨ ਇੰਡਸਟਰੀਜ਼ ਐਸ ਪੀ ਓਸਵਾਲ, ਚੇਅਰਮੈਨ ਟਰਾਈਡੈਂਟ ਇੰਡਸਟਰੀਜ਼ ਰਾਜਿੰਦਰ ਗੁਪਤਾ, ਵਾਈਸ ਚੇਅਰਮੈਨ ਸੋਨਾਲੀਕਾ ਟਰੈਕਟਰਜ਼ ਏ.ਐਸ. ਮਿੱਤਲ, ਉੱਘੇ ਕਾਰੋਬਾਰੀ ਗੌਤਮ ਕਪੂਰ, ਸੀਈਓ ਸੁਖਜੀਤ ਸਟਾਰਚ ਭਵਦੀਪ ਸਰਦਾਨਾ, ਪੰਜਾਬ ਰਾਈਸ ਮਿੱਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਸੇਠੀ, ਵਾਈਸ ਚਾਂਸਲਰ ਪੀਏਯੂ ਲੁਧਿਆਣਾ ਬੀ.ਐਸ. ਢਿੱਲੋਂ, ਡਾਇਰੈਕਟਰ ਆਈਆਈਟੀ ਰੋਪੜ ਐਸ.ਕੇ. ਦਾਸ, ਉਪ ਕੁਲਪਤੀ ਜੀ.ਐਨ.ਡੀ.ਯੂ.ਅੰਮ੍ਰਿਤਸਰ ਜੇ.ਐਸ. ਸੰਧੂ ਅਤੇ ਅਰੁਨਜੀਤ ਸਿੰਘ ਮਿਗਲਾਨੀ ਟਾਸਕ ਫੋਰਸ ਦੇ ਮੈਂਬਰ ਹੋਣਗੇ।ਟਾਸਕ ਫੋਰਸ ਨੂੰ ਕੋਵਿਡ-19 ਹੌਟਸਪੌਟਸ ਅਤੇ ਕੰਟੇਨਮੈਂਟ ਜ਼ੋਨਾਂ ਤੋਂ ਬਾਹਰ ਦੀਆਂ ਪਾਬੰਦੀਆਂ ਲਈ ਰਣਨੀਤੀ ਅਤੇ ਅਰਥਚਾਰੇ ਦੇ ਵੱਖ-ਵੱਖ ਸੈਕਟਰਾਂ ਜਿਵੇਂ ਵਪਾਰਕ, ਸਿੱਖਿਆ, ਉਦਯੋਗਾਂ, ਆਵਾਜਾਈ, ਸਿਹਤ ਸੰਭਾਲ, ਯਾਤਰਾ, ਸੈਰ-ਸਪਾਟਾ ਆਦਿ ਸੈਕਟਰਾਂ ਲਈ ਲਾਕਡਾਊਨ  ਤੋਂ ਬਾਅਦ ਪੜਾਅਵਾਰ ਢੰਗ ਨਾਲ ਪਾਬੰਦੀਆਂ ਹਟਾਉਣ ਸਬੰਧੀ ਮੁੱਦਿਆਂ ਦੇ ਹੱਲ ਦਾ ਜ਼ਿੰਮਾ ਸੌਂਪਿਆ ਗਿਆ ਹੈ। ਟਾਸਕ ਫੋਰਸ ਸਮਾਜਿਕ-ਆਰਥਿਕ ਗਤੀਵਿਧੀਆਂ ਨੂੰ ਮੁੜ ਸ਼ੁਰੂ ਕਰਨ ਅਤੇ ਡਿਜੀਟਲ ਅਰਥ ਵਿਵਸਥਾ ਸਮੇਤ  ਰੁਜ਼ਗਾਰ ਦੇ ਨਵੇਂ ਮੌਕਿਆਂ ਤੋਂ ਇਲਾਵਾ ਰੁਜ਼ਾਗਰ ਨੂੰ ਮੁੜ ਸਥਾਪਤ ਕਰਨ ਅਤੇ ਸੂਬਿਆਂ ਅਤੇ ਸ਼ਹਿਰਾਂ  ਦਰਮਿਆਨ ਜਨਤਕ-ਯਾਤਰੀ ਟਰਾਂਸਪੋਰਟ ਯਾਤਰਾ ਨੂੰ ਨਿਯਮਿਤ ਕਰਨ ਲਈ ਨੀਤੀਗਤ ਉਪਾਵਾਂ ਨੂੰ ਵੀ ਵਿਕਸਿਤ ਕਰੇਗੀ। ਇਸ ਤੋਂ ਇਲਾਵਾ ਟਾਸਕ ਫੋਰਸ ਕੋਵਿਡ-19 ਮਹਾਂਮਾਰੀ ਬਾਰੇ ਸੂਬਾ ਸਰਕਾਰ ਦੀ ਪ੍ਰਤੀਕਿਰਿਆ ਅਨੁਸਾਰ ਹੋਰ ਮੁੱਦਿਆਂ ਨੂੰ ਵੀ ਹੱਲ ਕਰੇਗੀ।ਟਾਸਕ ਫੋਰਸ ਨੂੰ ਸਕੱਤਰੇਤ ਸਹਾਇਤਾ ਪ੍ਰਸ਼ਾਸਨਿਕ ਸੁਧਾਰਾਂ ਵਿਭਾਗ ਦੁਆਰਾ ਮੁਹੱਈਆ ਕਰਵਾਈ ਜਾਏਗੀ। ਮੁੱਖ ਸਕੱਤਰ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਵੱਲੋਂ 11 ਅਪ੍ਰੈਲ ਨੂੰ ਸਥਾਪਤ ਕੀਤੀ ਗਈ ਮਨੁੱਖੀ ਸਰੋਤ ਅਤੇ ਸਮਰੱਥਾ ਨਿਰਮਾਣ ਵਿੱਚ ਵਾਧੇ ਬਾਰੇ ਕਮੇਟੀ  ਇਸ ਟਾਸਕ ਫੋਰਸ ਨੂੰ ਹਰ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਏਗੀ ਜਿਸ ਵਿੱਚ ਸਰਕਾਰ ਵਿਭਾਗਾਂ ਅਤੇ ਸੰਸਥਾਵਾਂ ਨਾਲ ਤਾਲਮੇਲ ਕਰਨਾ ਵੀ ਸ਼ਾਮਲ ਹੈ।