5 Dariya News

ਕੋਵਿਡ-19 ਤੋਂ ਬਚਣ ਲਈ ਘਰ ’ਚ ਦਾਖਲ ਹੋਣ ਤੋਂ ਪਹਿਲਾਂ ਹਦਾਇਤਾਂ ਦੀ ਪਾਲਣਾ ਕਰਨਾ ਲਾਜ਼ਮੀ- ਸਿਵਿਲ ਸਰਜਨ

ਸਿਰਫ ਸਾਵਧਾਨੀ ਵਰਤ ਕੇ ਹੀ ਪਰਿਵਾਰਕ ਮੈਂਬਰਾਂ ਨੂੰ ਖਤਰੇ ਤੋਂ ਬਚਾਇਆ ਜਾ ਸਕਦਾ

5 Dariya News

ਸ੍ਰੀ ਮੁਕਤਸਰ ਸਾਹਿਬ 11-Apr-2020

ਕੋਵਿਡ-19 ਦੇ ਖਤਰੇ ਤੋਂ ਬਚਣ ਤੇ ਅਤੇ ਘਰ ’ਚ ਦਾਖਲ ਹੋਣ ਤੋਂ ਪਹਿਲਾਂ, ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਲਾਜ਼ਮੀ ਤੌਰ ’ਤੇ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਅਸੀਂ ਪਰਿਵਾਰਕ ਮੈਂਬਰਾਂ ਨੂੰ ਵੱਧ ਤੋਂ ਵੱਧ ਸੁੱਖਿਅਤ ਕਰ ਸਕੀਏ। ਸਿਰਫ ਸਾਵਧਾਨੀ ਵਰਤ ਕੇ ਹੀ ਘਰ ਨੂੰ ਕੋਰੋਨਾ ਵਾਇਰਸ ਦੇ ਖਤਰੇ ਤੋਂ ਬਚਾਇਆ ਜਾ ਸਕਦਾ ਹੈ।ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਡਾ. ਹਰੀ ਨਰਾਇਣ ਸਿੰਘ ਨੇ ਦੱਸਿਆ ਕਿ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਵਲੋਂ ਇਹ ਆਦੇਸ਼ ਜਾਰੀ ਕੀਤੇ ਗਏ ਹਨ ਕਿ ਪੰਜਾਬ ਵਾਸੀਆਂ ਨੂੰ ਕੋਰੋਨਾ ਵਾਇਰਸ ਦੇ ਖਤਰੇ ਬਾਰੇ ਹਰ ਪੱਧਰ ’ਤੇ ਜਾਗਰੂਕ ਕੀਤਾ ਜਾਵੇ ਤਾਂ ਜੋ ਇਸ ਵਾਇਰਸ ਨੂੰ ਘਰ ਅੰਦਰ ਆਉਣ ਤੋਂ ਰੋਕ ਸਕੀਏ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾਂ ਅਨੁਸਾਰ ਜਦੋਂ ਕੋਈ ਵੀ ਵਿਅਕਤੀ ਬਾਹਰੋਂ ਆਪਣੇ ਘਰ ਵਾਪਸ ਆਉਂਦਾ ਹੈ ਤਾਂ ਉਸ ਵਲੋਂ ਘਰ ਵਿਚ ਆ ਕੇ ਕਿਸੇ ਵੀ ਚੀਜ ਨੂੰ ਹੱਥ ਨਾ ਲਗਾਇਆ ਜਾਵੇ ਤਾਂ ਜੋ ਅੰਦਰਲੀ ਚੀਜ਼ ਨਾਲ ਇਹਨਾਂ ਦਾ ਸੰਪਰਕ ਨਾ ਹੋ ਸਕੇ ਅਤੇ ਸੱਭ ਤੋਂ ਪਹਿਲਾਂ ਆਪਣੇ ਜੁੱਤੇ ਉਤਾਰੇ ਜਾਣ। ਜੇਕਰ ਪਾਲਤੂ ਜਾਨਵਰ ਨੂੰ ਬਾਹਰੋਂ ਸੈਰ ਕਰਵਾ ਕੇ ਆਏ ਹੋ ਤਾਂ ਉਸਦੇ ਪੰਜਿਆਂ ਨੂੰ ਵੀ ਚੰਗੀ ਤਰ੍ਹਾਂ ਰੋਗਾਣੂ ਮੁਕਤ ਕੀਤਾ ਜਾਵੇ।ਡਾ. ਸਿੰਘ ਨੇ ਦੱਸਿਆ ਕਿ ਆਪਣੇ ਕੱਪੜਿਆਂ ਨੂੰ ਬਦਲ ਕੇ ਅਤੇ ਧੋਣ ਲਈ ਵੱਖਰੇ ਤੌਰ ’ਤੇ ਰੱਖ ਦਿੱਤਾ ਜਾਵੇ ਜਿਸ ਉਪਰੰਤ ਬੈਗ, ਪਰਸ, ਚਾਬੀਆਂ ਆਦਿ ਨੂੰ ਘਰ ਦੀ ਐਂਟਰੀ ਤੇ ਹੀ ਕਿਸੇ ਬਕਸੇ ਵਿਚ ਪਾ ਦਿੱਤਾ ਜਾਵੇ ਤਾਂ ਜੋ ਘਰ ਦੀ ਕਿਸੀ ਅੰਦਰਲੀ ਚੀਜ਼ ਨਾਲ ਇਨ੍ਹਾਂ ਸੰਪਰਕ ਨਾ ਹੋ ਜਾਵੇ। ਉਨ੍ਹਾਂ ਦੱਸਿਆ ਨਹਾਉਣ ਨਾਲ ਤੁਸੀਂ ਰੋਗਾਣੂ ਮੁਕਤ ਹੋ ਜਾਂਦੇ ਹੋ ਇਸ ਲਈ ਨਹਾਉਣਾ ਬਹੁਤ ਜਰੂਰੀ ਹੈ ਜੇਕਰ ਤੁਸੀਂ ਕਿਸੇ ਕਾਰਣ ਨਹਾਉਣਾ ਨਹੀਂ ਚਾਹੁੰਦੇ ਤਾਂ ਘੱਟੋ ਘੱਟ ਹੱਥ, ਬਾਹਾਂ, ਗਰਦਨ ਤੇ ਨਹੁੰਆਂ ਨੂੰ ਚੰਗੀ ਤਰ੍ਹਾਂ ਸਾਬਣ ਨਾਲ ਸਾਫ ਕਰੋ।

ਉਹਨਾਂ ਅੱਗੇ ਦੱਸਿਆ ਕਿ ਮੋਬਾਇਲ ਫੋਨ ਅਤੇ ਐਨਕਾਂ ਨੂੰ ਗਰਮ ਸਾਬਣ ਵਾਲੇ ਪਾਣੀ ਦੀ ਸਪਰੇਅ ਜਾਂ ਅਲਕੋਹਲ ਨਾਲ ਰੋਗਾਣੂ-ਮੁਕਤ ਕੀਤਾ ਜਾਵੇ ਅਤੇ ਇਸ ਤੋਂ ਇਲਾਵਾ ਬਾਹਰੋਂ ਲਿਆਂਦੀ ਕਿਸੇ ਵੀ ਵਸਤੂ ਨੂੰ ਚੰਗੀ ਤਰ੍ਹਾਂ ਰੋਗਾਣੂ-ਮੁਕਤ ਕਰਨ ਤੋਂ ਬਾਅਦ ਹੀ ਘਰ ਅੰਦਰ ਲਿਆਂਦਾ ਜਾਵੇ ਜਿਸ ਉਪਰੰਤ ਫਿਰ ਇਕ ਵਾਰ ਹੱਥਾਂ ਨੂੰ ਸਹੀ ਤਰੀਕੇ ਨਾਲ ਸਾਫ ਕੀਤਾ ਜਾਵੇ। ਡਾਕਟਰ ਵਿਕਰਮ ਅਸੀਜਾ ਨੇ ਸਪਸ਼ੱਟ ਕੀਤਾ ਕਿ ਹਰ ਚੀਜ ਨੂੰ ਰੋਗਾਣੂ ਮੁਕਤ ਕਰਨਾ ਸੰਭਵ ਨਹੀਂ ਹੈ ਪਰ ਅਸੀਂ ਇਨ੍ਹਾਂ ਹਦਾਇਤਾਂ ਦੀ ਪਾਲਣਾ ਕਰਕੇ ਕੋਰੋਨਾ ਦੇ ਖਤਰੇ ਨੂੰ ਘਟਾ ਸਕਦੇ ਹਾਂ ਅਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਵੀ।ਰੱਖ ਸਕਦੇ ਹਾਂ। ਉਨ੍ਹਾਂ ਕਿਹਾ ਕਿ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਕਰੋਨਾ ਵਾਇਰਸ ਦੀ ਰੋਕਥਾਮ ਲਈ ਵਿਆਪਕ ਪੱਧਰ ’ਤੇ ਉਪਰਾਲੇ ਕਰ ਰਿਹਾ ਹੈ ਅਤੇ ਲਾਕਡਾਊਨ ਤਹਿਤ ਇਲਾਕਾ ਵਾਸੀ ਘਰ ਰਹਿ ਇਸ ਵਾਇਰਸ ਦੇ ਖਾਤਮੇ ਲਈ ਆਪਣਾ ਵੱਡਮੁੱਲਾ ਸਹਿਯੋਗ ਦੇ ਸਕਦੇ ਹੋ। ਉਨ੍ਹਾਂ ਪੰਚਾਇਤਾਂ ਦਾ ਵੀ ਧੰਨਵਾਦ ਕੀਤਾ ਜੋ ਆਪਣੇ ਪੱਧਰ ’ਤੇ ਪਿੰਡਾਂ ਦੇ ਬਾਹਰ ਹੀ ਗੈਰ-ਜਰੂਰੀ ਆਵਾਜਾਈ ਨੂੰ ਰੋਕ ਰਹੇ ਹਨ ਤੇ ਲੋਕਾਂ ਨੂੰ ਜਾਗਰੂਕ ਕਰਨ ਵਿਚ ਅਹਿਮ ਭੂਮਿਕਾ ਵੀ ਨਿਭਾ ਰਹੇ ਹਨ।ਉਨ੍ਹਾਂ ਨੇ ਦੱਸਿਆ ਕੋਰੋਨਾ ਵਾਇਰਸ ਦੀ ਰੋਕਥਾਮ ਤੇ ਵਿਭਿੰਨ ਸੇਵਾਵਾਂ ਸਬੰਧੀ ਹੋਰ ਜਾਣਕਾਰੀ ਲੈਣ ਲਈ ਹੈਲਪ ਲਾਈਨ ਨੰਬਰ 104 ਤੇ 112 ਤੇ ਸਹਾਇਤਾ ਲਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸੁੱਕੀ ਖੰਘ, ਬੁਖਾਰ ਸਾਹ ਲੈਣ ਵਿੱਚ ਤਕਲੀਫ ਹੋਵੇ ਤਾਂ ਤੁਰੰਤ ਸਰਕਾਰੀ ਸਿਹਤ ਕੇਂਦਰ ਵਿੱਚ ਸੰਪਰਕ ਕੀਤਾ ਜਾਵੇ ਤਾਂ ਜੋ ਸਮੇ ’ਤੇ ਹੀ ਮਰੀਜ਼ ਦਾ ਇਲਾਜ ਸ਼ੁਰੂ ਕੀਤਾ ਜਾ ਸਕੇ।