5 Dariya News

ਡਰੋਨ ਰਾਹੀਂ ਕਰਫਿਊ ਦੀ ਸਥਿਤੀ ਦਾ ਲਿਆ ਜਾ ਰਿਹੈ ਜਾਇਜ਼ਾ-ਐਸ.ਐਸ.ਪੀ

ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਹੁਣ ਤੱਕ 169 ਮੁਕੱਦਮੇ ਦਰਜ ਕਰਕੇ ਕੁੱਲ 382 ਵਿਅਕਤੀ ਗਿ੍ਰਫਤਾਰ

5 Dariya News

ਫਾਜ਼ਿਲਕਾ 09-Apr-2020

ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ ਹੈ। ਜ਼ਿਲ੍ਹਾ ਪੁਲਿਸ ਫ਼ਾਜਿਲਕਾ ਵਲੋਂ ਡਰੋਨ ਰਾਹੀ ਕਰਫਿਊ ਦੀ ਸਥਿਤੀ ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਸਮੇਂ ਸਮੇਂ ਹਰੇਕ ਗਲੀ, ਮੁਹੱਲੇ ਅਤੇ ਆਲੇ-ਦੁਆਲੇ ਬਾਜ਼ਾਰਾਂ ਦੀ ਹਰੇਕ ਗਤਿਵਿਧੀ ਦਾ ਜਾਇਜ਼ਾ ਲੈ ਕੇ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।ਡਰੋਨ ਰਾਹੀਂ ਫਾਜ਼ਿਲਕਾ ਜ਼ਿਲੇ੍ਹ ਵਿੱਚ ਕੀਤੀ ਜਾ ਰਹੀ ਪਹਿਰੇਦਾਰੀ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸ. ਹਰਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਇਹ ਕਰਫਿਊ ਕੋਰੋਨਾ ਨਾਮ ਦੀ ਇੱਕ ਭਿਆਨਕ ਮਹਾਂਮਾਰੀ ਨੂੰ ਰੋਕਣ ਲਈ ਲਗਾਇਆ ਗਿਆ ਅਤੇ ਅਜਿਹੇ ਵਿੱਚ ਇਹ ਬਹੁਤ ਜਰੂਰੀ ਹੈ ਕਿ ਲੋਕ ਆਪਣੇ ਘਰਾਂ ਵਿੱਚ ਹੀ ਰਹਿਣ ਤਾਂ ਜੋ ਇਹ ਬਿਮਾਰੀ ਇੱਕ ਦੂਜੇ ਤੋਂ ਅੱਗੇ ਨਾ ਫੈਲ ਸਕੇ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਫ਼ਾਜ਼ਿਲਕਾ, ਅਬੋਹਰ ਅਤੇ ਜਲਾਲਾਬਾਦ ਦੇ ਅੰਦਰੂਨੀ ਹਿੱਸਿਆਂ ਅਤੇ ਕਲੋਨੀਆਂ ਵਿੱਚ ਕੁਝ ਲੋਕ ਆਪਣੇ ਘਰਾਂ ਤੋਂ ਬਾਹਰ ਆ ਕੇ ਤਾਸ਼, ਕਿ੍ਰਕਟ ਅਤੇ ਹੋਰ ਖੇਡਾਂ ਖੇਡ ਰਹੇ ਹਨ ਜਾਂ ਬਿਨ੍ਹਾਂ ਵਜ੍ਹਾ ਇਕੱਠੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਡਰੋਨ ਰਾਹੀਂ ਹੁਣ ਪੂਰੇ ਜ਼ਿਲੇ੍ਹ ਦੀ ਅਸਮਾਨ ਉਪਰੋਂ ਨਜ਼ਰ ਰੱਖੀ ਜਾਵੇਗੀ ਅਤੇ ਜਿਸ ਮੁਹੱਲੇ ਜਾਂ ਕਲੋਨੀ ਵਿੱਚ ਲੋਕ ਘਰਾਂ ਤੋਂ ਬਾਹਰ ਹੋਣਗੇ ਉਥੇ ਤੁਰੰਤ ਪੁਲਿਸ ਫੋਰਸ ਭੇਜ ਕੇ ਘਰ ਤੋਂ ਬਾਹਰ ਆਏ ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਜਾਵੇਗਾ।ਐੱਸ.ਐੱਸ.ਪੀ. ਸ. ਹਰਜੀਤ ਸਿੰਘ ਨੇ ਕਿਹਾ ਕਿ ਜਿਹੜੇ ਵਿਅਕਤੀ ਕਰਫਿਊ ਦੀ ਉਲੰਘਣਾ ਕਰਨਗੇ ਉਨ੍ਹਾਂ ਖਿਲਾਫ 2005 ਦੇ ਆਪਦਾ ਪ੍ਰਬੰਧਨ ਐਕਟ ਤਹਿਤ ਜਿਸ ਨੂੰ ਹੁਣ ਕੋਵਿਡ 19 ਵਾਇਰਸ ਕਾਰਨ ਪੈਦਾ ਹੋਏ ਸੰਕਟ ਨਾਲ ਨਜਿੱਠਣ ਲਈ ਸਾਰੇ ਦੇਸ਼ ਵਿੱਚ ਲਾਗੂ ਕੀਤਾ ਗਿਆ ਹੈ, ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਪਦਾ ਪ੍ਰਬੰਧਨ ਐਕਟ ਤਹਿਤ 2 ਸਾਲ ਤੱਕ ਦੀ ਕੈਦ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਕਰਿਫਊ ਦੀ ਉਲੰਘਣਾ ਕਰਨ ਵਾਲਿਆਂ ਨਾਲ ਕੋਈ ਨਰਮੀ ਨਹੀਂ ਵਰਤੀ ਜਾਵੇਗੀ। ਬਹੁ ਮੰਤਵੀ ਖੇਡ ਸਟੇਡੀਅਮ ਫ਼ਾਜ਼ਿਲਕਾ, ਬਹੁ ਮੰਤਵੀ ਖੇਡ ਸਟੇਡੀਅਮ ਜਲਾਲਾਬਾਦ ਅਤੇ ਡੀ.ਏ.ਵੀ. ਕਾਲਜ ਦੇ ਆਡੀਟੋਰੀਅਮ ਹਾਲ ਅਬੋਹਰ ਨੂੰ ਆਰਜ਼ੀ ਓਪਨ ਜੇਲ੍ਹ ਘੋਸ਼ਿਤ ਕੀਤਾ ਗਿਆ ਹੈ ਅਤੇ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਨੂੰ ਇਸ ਓਪਨ ਜੇਲ੍ਹ ਵਿੱਚ ਰੱਖਿਆ ਜਾਵੇਗਾ ਤਾਂ ਜੋ ਮੌਜੂਦ ਸਬ ਜੇਲ੍ਹ ਵਿੱਚ ਭੀੜ ਦੀ ਸਥਿਤੀ ਪੈਦਾ ਨਾ ਹੋਵੇ।

ਜ਼ਿਲ੍ਹਾ ਵਾਸੀਆਂ ਨੂੰ ਕਰਫਿਊ ਦੌਰਾਨ ਘਰਾਂ ਵਿੱਚੋਂ ਬਾਹਰ ਨਾ ਨਿਕਲਣ ਦੀ ਅਪੀਲ

ਉਨ੍ਹਾਂ ਸਾਰੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਾਨੂੰਨ ਦੀ ਪਾਲਣਾ ਕਰਨ ਅਤੇ ਕਰਫਿਊ ਦੌਰਾਨ ਘਰਾਂ ਵਿਚੋਂ ਬਾਹਰ ਨਾ ਨਿਕਲਣ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਫ਼ਾਜ਼ਿਲਕਾ ਵਿੱਚ 169 ਮੁਕੱਦਮੇ ਦਰਜ ਹੋਏ ਹਨ ਅਤੇ ਕੁੱਲ 382 ਵਿਅਕਤੀ ਗਿ੍ਰਫਤਾਰ ਕੀਤੇ ਜਾ ਚੁੱਕੇ ਹਨ ਅਤੇ 36 ਵਹੀਕਲ ਪੁਲਿਸ ਨੇ ਕਬਜੇ ਵਿੱਚ ਲਏ ਹਨ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਜਾਗਰੂਕ ਕਰਨ ਲਈ ਸੋਸ਼ਲ ਮੀਡੀਆ ਸੈਲ ਰਾਹੀਂ ਸੁਨੇਹੇ ਦਿੱਤੇ ਜਾ ਰਹੇ ਹਨ ਤਾਂ ਲੋਕ ਘਰਾਂ ਵਿੱਚ ਰਹਿ ਕੇ ਕਰਫਿਊ ਨੂੰ ਸਫਲ ਬਣਾਉਣ। ਪੁਲਿਸ ਵੱਲੋਂ ਪੀਸਾ ਨਾਮ ਦੀ ਐਮਰਜੰਸੀ ਐਪ ਵੀ ਚਾਲੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਐਪ ਰਾਹੀਂ ਜ਼ਿਲੇ੍ਹ ਦਾ ਕੋਈ ਵੀ ਵਿਅਕਤੀ ਪੁਲਿਸ ਨੂੰ ਆਪਣੀ ਜ਼ਰੂਰਤ ਬਾਰੇ ਸੁਨੇਹਾ ਛੱਡ ਕੇ ਜਾਣੂੰ ਕਰਵਾ ਸਕਦਾ ਹੈ। ਇਸ ਤੋਂ ਇਲਾਵਾ 112 ਨੰਬਰ ਤੇ ਕਾਲ ਕਰਕੇ ਜ਼ਿਲੇ੍ਹ ਦੇ ਵਸਨੀਕ ਕਿਸੇ ਕਿਸਮ ਦੀ ਮਦਦ ਲਈ ਸੂਚਨਾ ਦੇ ਸਕਦੇ ਹਨ।