5 Dariya News

ਪਟਿਆਲਾ ਪੁਲਿਸ ਨੇ ਕਰਫ਼ਿਊ ਦੌਰਾਨ 75 ਹਜ਼ਾਰ 961 ਸੁੱਕੇ ਅਤੇ ਪੱਕੇ ਹੋਏ ਰਾਸ਼ਨ ਦੇ ਵੰਡੇ ਪੈਕਟ

ਜ਼ਿਲ੍ਹੇ ਦੇ ਪੁਲਿਸ ਅਧਿਕਾਰੀ/ਕਰਮਚਾਰੀ ਅਹੁਦੇ ਅਨੁਸਾਰ ਦੇਣਗੇ ਮਾਲੀ ਮਦਦ

5 Dariya News

ਪਟਿਆਲਾ 04-Apr-2020

ਕੋਰੋਨਾ ਵਾਇਰਸ (ਕੋਵਿਡ-19) ਦੀ ਮਹਾਂਮਾਰੀ ਤੋਂ ਬਚਾਅ ਲਈ ਪਿਛਲੇ ਦਿਨਾਂ ਤੋਂ ਪੰਜਾਬ ਵਿੱਚ ਲਾਕਡਾਊਨ ਅਤੇ ਕਰਫ਼ਿਊ ਚੱਲ ਰਿਹਾ ਹੈ, ਜਿਸ ਕਾਰਨ ਗਰੀਬ ਵਰਗ ਨੂੰ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਆ ਰਹੀ ਸਮੱਸਿਆ ਦੌਰਾਨ ਸਿਵਲ ਪ੍ਰਸ਼ਾਸਨ ਦੇ ਨਾਲ-ਨਾਲ ਪਟਿਆਲਾ ਪੁਲਿਸ ਵੱਲੋਂ ਵੀ ਲੋੜਵੰਦਾਂ ਤੱਕ ਪਹੁੰਚ ਕਰਕੇ ਇਸ ਆਫ਼ਤ ਸਮੇਂ ਉਨ੍ਹਾਂ ਦੀ ਮਦਦ ਲਈ ਪਹਿਲ ਕਦਮੀ ਕੀਤੀ ਜਾ ਰਹੀ ਹੈ।ਪਟਿਆਲਾ ਪੁਲਿਸ ਵੱਲੋਂ ਕੋਰੋਨਾ ਵਾਇਰਸ ਕਾਰਨ ਪੈਦਾ ਹੋਏ ਹਾਲਾਤਾਂ ਕਾਰਨ, ਆਪਣੀ ਰੋਜ਼ਾਨਾ ਦੀ ਡਿਊਟੀ ਦੇ ਨਾਲ-ਨਾਲ, ਇਸ ਕਰਫ਼ਿਊ ਨੂੰ ਪੂਰਨ ਤੌਰ 'ਤੇ ਲਾਗੂ ਕਰਵਾਉਣ ਲਈ ਦਿਨ ਰਾਤ ਡਿਊਟੀ ਨਿਭਾਈ ਜਾ ਰਹੀ ਹੈ, ਪਰ ਇਸ ਦੇ ਨਾਲ-ਨਾਲ ਗਰੀਬਾਂ ਅਤੇ ਮਜ਼ਦੂਰ ਵਰਗ ਦੀ ਮਦਦ ਲਈ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਰੋਜ਼ਾਨਾ ਹੀ ਸੁੱਕਾ ਅਤੇ ਪੱਕਿਆ ਰਾਸ਼ਨ ਵੰਡਿਆ ਜਾ ਰਿਹਾ ਹੈ, ਜੋ ਹੁਣ ਤੱਕ 75 ਹਜ਼ਾਰ 961 ਪੈਕਟ ਜ਼ਿਲ੍ਹੇ 'ਚ ਲੋੜਵੰਦਾਂ ਨੂੰ ਵੰਡੇ ਜਾ ਚੁੱਕੇ ਹਨ।ਜ਼ਿਕਰਯੋਗ ਹੈ ਕਿ ਪਟਿਆਲਾ ਪੁਲਿਸ ਵੱਲੋਂ ਪਿਛਲੇ ਸਾਲ ਆਏ ਹੜਾਂ ਦੌਰਾਨ ਪ੍ਰਭਾਵਿਤ ਹੋਏ ਆਪਣੇ ਸਾਥੀ ਪੰਜਾਬੀਆਂ ਦੀ ਮਦਦ ਲਈ, ਉਨ੍ਹਾਂ ਨਾਲ ਔਖੇ ਵੇਲੇ ਖੜਦਿਆਂ, ਪਟਿਆਲਾ ਜ਼ਿਲ੍ਹੇ ਦੇ ਸਮੂਹ ਮੁਲਾਜ਼ਮਾਂ ਵੱਲੋਂ ਐਸ.ਐਸ.ਪੀ. ਰੈਂਕ ਤੋਂ ਲੈਕੇ ਸਿਪਾਹੀ ਰੈਂਕ ਤੱਕ ਸਾਰਿਆਂ ਨੇ ਆਪਣੀ ਸਵੈ ਇੱਛਾ ਅਤੇ ਖੁਸ਼ੀ ਨਾਲ ਆਪਣੀ ਤਨਖਾਹ ਵਿੱਚ ਰੈਂਕ ਮੁਤਾਬਿਕ ਕਟੌਤੀ ਕਰਕੇ ਮੁੱਖ ਮੰਤਰੀ ਰਾਹਤ ਕੋਸ਼ ਵਿੱਚ 9 ਲੱਖ 1 ਹਜ਼ਾਰ 926 ਰੁਪਏ ਦਾ ਚੈਕ ਪਟਿਆਲਾ ਪੁਲਿਸ ਵੱਲੋਂ ਸਭ ਤੋਂ ਪਹਿਲਾਂ ਡੀ.ਜੀ.ਪੀ. ਪੰਜਾਬ ਨੂੰ ਭੇਟ ਕੀਤਾ ਸੀ।

ਇਸ ਵਾਰ ਫਿਰ ਤੋਂ ਇਸੇ ਲੜੀ ਨੂੰ ਜਾਰੀ ਰੱਖਦਿਆਂ ਪਟਿਆਲਾ ਜ਼ਿਲ੍ਹੇ ਦੇ ਸਮੂਹ ਮੁਲਾਜ਼ਮਾਂ ਵੱਲੋਂ ਐਸ.ਐਸ.ਪੀ. ਰੈਂਕ ਤੋਂ ਲੈਕੇ ਸਿਪਾਹੀ ਰੈਂਕ ਤੱਕ ਸਾਰਿਆਂ ਵੱਲੋਂ ਆਪਣੀ ਸਵੈ ਇੱਛਾ ਅਤੇ ਖੁਸ਼ੀ ਨਾਲ ਆਪਣੀ ਮਾਰਚ ਮਹੀਨੇ ਦੀ ਤਨਖਾਹ ਵਿੱਚੋਂ, ਜਿਵੇਂ ਗਜ਼ਟਿਡ ਅਫ਼ਸਰ ਵੱਲੋਂ ਆਪਣੀ ਇਕ ਦਿਨ ਦੀ ਤਨਖਾਹ, ਇੰਸਪੈਕਟਰ/ਸਬ-ਇੰਸਪੈਕਟਰ ਰੈਂਕ ਵੱਲੋਂ ਇੱਕ ਹਜ਼ਾਰ ਰੁਪਏ, ਏ.ਐਸ.ਆਈ. ਰੈਂਕ ਵੱਲੋਂ 500 ਰੁਪਏ ਅਤੇ ਹੌਲਦਾਰ/ਸਿਪਾਹੀ ਰੈਂਕ ਵੱਲੋਂ 200 ਰੁਪਏ ਪ੍ਰਤੀ ਕਰਮਚਾਰੀ ਯੋਗਦਾਨ ਦੇਣਗੇ।ਇਸ ਤੋਂ ਇਲਾਵਾ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਵੱਲੋਂ ਅਲੱਗ ਤੋਂ ਇਨਸਾਨੀਅਤ ਦੇ ਤੌਰ 'ਤੇ, ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦਿਆਂ ਉਨ੍ਹਾਂ ਦੇ ਦਾਦਾ ਜੀ ਉਘੇ ਸਵਤੰਤਰਤਾ ਸੰਗਰਾਮੀ ਡਾ. ਕੇਹਰ ਸਿੰਘ ਦੇ ਨਾਮ 'ਤੇ ਇਕ ਚੈਰੀਟੇਬਲ ਟਰੱਸਟ ਬਣਾਇਆ ਹੋਇਆ ਹੈ, ਜਿਸ ਵਿੱਚੋਂ 11 ਲੱਖ ਰੁਪਏ ਪਟਿਆਲਾ ਜ਼ਿਲ੍ਹੇ ਵਿੱਚ ਗਰੀਬ ਅਤੇ ਮਜ਼ਦੂਰ ਵਰਗ ਨੂੰ ਰਾਸ਼ਨ ਵੰਡਣ ਲਈ ਦਿੱਤੇ ਗਏ ਹਨ।ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਸਭ ਨੂੰ ਬੇਨਤੀ ਅਤੇ ਸੁਝਾਅ ਦਿੱਤਾ ਗਿਆ ਕਿ ਜੋ ਮਨੁੱਖ ਘਰੋਂ ਸੌਖੇ ਹਨ ਅਤੇ ਜਿੰਨਾ ਦਾ ਚੰਗਾ ਗੁਜ਼ਾਰਾ ਚਲਦਾ ਹੈ, ਉਨ੍ਹਾਂ ਨੂੰ ਇਸ ਔਖੇ ਸਮੇਂ ਵਿੱਚ ਆਪਣੀ ਵਿੱਤ ਅਨੁਸਾਰ, ਆਪਣੇ-ਆਪਣੇ  ਇਲਾਕੇ ਵਿੱਚ ਨਿਸ਼ਾਨਦੇਹੀ ਕਰਕੇ ਜ਼ਰੂਰਤਮੰਦਾਂ ਨਾਲ ਖੜਨਾ ਚਾਹੀਦਾ ਹੈ।