ਜ਼ਿਲੇ ਅੰਦਰ ਪੈਂਦੀਆਂ ਨਗਰ ਕੌਂਸਲਾਂ ਵਿਚ ਕੀਤਾ ਜਾ ਰਿਹੈ ਸੋਡੀਅਮ ਹਾਈਪੋਕਲੋਰਾਈਡ ਦਾ ਛਿੜਕਾਅ-ਰਜਤ ਉਬਰਾਏ
ਲੋਕਾਂ ਨੂੰ ਘਰਾਂ ਵਿੱਚ ਰਹਿ ਕੇ ਸਰਕਾਰ ਦੇ ਸਹਿਯੋਗ ਦੀ ਕੀਤੀ ਅਪੀਲ
5 Dariya News
ਅੰਮ੍ਰਿਤਸਰ 01-Apr-2020
ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਸੂਬੇ ਦੇ ਵਸਨੀਕਾਂ ਨੂੰ ਕੋਰੋਨਾ ਵਾਇਰਸ ਦੀ ਬਿਮਾਰੀ ਤੋਂ ਬਚਾਈ ਰੱਖਣ ਲਈ ਲਗਾਤਾਰ ਸੈਨੇਟਾਈਜ਼ਰ ਛਿੜਕਾਅ ਕੀਤਾ ਜਾ ਰਿਹਾ ਹੈ। ਅੰਮ੍ਰਿਤਸਰ ਸ਼ਹਿਰ ਦੇ ਨਾਲ-ਨਾਲ ਜਿਲੇ ਦੀਆਂ ਸਾਰੀਆਂ ਨਗਰ ਕੌਂਸਲਾਂ ਅਤੇ ਪਿੰਡਾਂ ਵਿਚ ਵੀ ਸੋਡੀਅਮ ਹਾਈਪੋ ਕਲੋਰਾਈਡ ਦੀ ਸਪਰੇਅ ਕਰਵਾਈ ਜਾ ਰਹੀ ਹੈ, ਤਾਂ ਕਿ ਵਾਇਰਸ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਇਨਾਂ ਗੱਲਾਂ ਦਾ ਪ੍ਰਗਟਾਵਾ ਕਰਦੇ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿਲੋਂ ਨੇ ਦੱਸਿਆ ਕਿ ਸਰਕਾਰ ਵੱਲੋਂ ਆਪਣੇ ਨਾਗਰਿਕਾਂ ਨੂੰ ਵਾਇਰਸ ਤੋਂ ਬਚਾਉਣ ਲਈ ਹਰ ਹੀਲਾ ਵਰਤਿਆ ਜਾ ਰਿਹਾ ਹੈ, ਪਰ ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ।ਇਸ ਮੌਕੇ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਵਿਭਾਗ ਸ੍ਰੀ ਰਜਤ ਉਬਰਾਏ ਨੇ ਦੱਸਿਆ ਕਿ ਅੰਮ੍ਰਿਤਸਰ ਜ਼ਿਲੇ ਦੀਆਂ ਨਗਰ ਕੌਂਸਲਾਂ, ਜਿਸ ਵਿਚ ਅਜਨਾਲਾ, ਰਾਜਾਸਾਂਸੀ, ਜੰਡਿਆਲਾ ਗੁਰੂ, ਰਮਦਾਸ, ਰਈਆ ਅਤੇ ਮਜੀਠਾ ਸ਼ਾਮਿਲ ਹਨ, ਵਿਚ ਹਾਈਪੋ ਕਲੋਰਾਈਡ ਦੀ ਸਪਰੇਅ ਲਗਾਤਾਰ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਕੰਮ ਵਿਚ ਲੱਗੇ ਸਫਾਈ ਸੇਵਕਾਂ ਨੂੰ ਮਾਸਕ, ਦਸਤਾਨੇ, ਸਾਬੁਣ ਆਦਿ ਮਹੁੱਈਆ ਕਰਵਾਏ ਗਏ ਹਨ, ਤਾਂ ਕਿ ਉਹ ਸਾਫ਼-ਸਫਾਈ ਕਰਨ ਮੌਕੇ ਆਪਣੀ ਖ਼ੁਦ ਦੀ ਸੁਰੱਖਿਆ ਨੂੰ ਵੀ ਯਕੀਨੀ ਬਣਾ ਸਕਣ।ਉਨਾਂ ਦੱਸਿਆ ਕਿ ਵਿਭਾਗ ਵੱਲੋਂ ਲਗਾਤਾਰ ਮੁਨਾਦੀ ਕਰਕੇ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਲੱਛਣਾ ਅਤੇ ਬਚਾਅ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਇਸ ਤੋਂ ਇਲਾਵਾ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲੇ ਦਾ ਫਾਇਦਾ ਤਾਂ ਹੀ ਹੈ ਜੇਕਰ ਲੋਕ ਆਪਣੇ-ਆਪਣੇ ਘਰਾਂ ਵਿੱਚ ਹੀ ਰਹਿਣ, ਤਾਂ ਜੋ ਇਹ ਬਿਮਾਰੀ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਨਾ ਫੈਲ ਸਕੇ। ਉਨਾਂ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਕਿ ਜੋ ਵੀ ਰੇਹੜੀਆਂ ਕੂੜਾ ਲੈਣ ਲਈ ਆਉਂਦੀਆਂ ਹਨ ਉਨਾਂ ਨੂੰ ਗਿੱਲਾ ਅਤੇ ਸੁੱਕਾ ਕੁੜਾ ਅਲੱਗ-ਅਲੱਗ ਕਰਕੇ ਦਿੱਤਾ ਜਾਵੇ।