5 Dariya News

ਮੰਤਰੀ ਸਮੂਹ ਨੇ ਸਾਰੇ ਸ਼ਾਪਿੰਗ ਮਾਲ, ਸਥਾਨਕ ਕਿਸਾਨ ਮੰਡੀਆਂ ਅਤੇ ਅਜਾਇਬਘਰਾਂ ਨੂੰ 31 ਮਾਰਚ ਤੱਕ ਬੰਦ ਕਰਨ ਦੇ ਦਿੱਤੇ ਆਦੇਸ਼

ਧਾਰਮਿਕ ਸੰਸਥਾਵਾਂ ਅਤੇ ਡੇਰਾ ਮੁਖੀਆਂ ਨੂੰ ਆਪਣੇ ਧਾਰਮਿਕ ਸਮਾਗਮ ਮੁਲਤਵੀ ਕਰਨ ਲਈ ਕਿਹਾ

5 Dariya News

ਚੰਡੀਗੜ੍ਹ 17-Mar-2020

ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਭਾਰਤ ਸਰਕਾਰ ਵੱਲੋਂ ਜਾਰੀ ਐਡਵਾਈਜ਼ਰੀ ਨੂੰ ਧਿਆਨ ਵਿੱਚ ਰੱਖਦਿਆਂ, ਮੰਤਰੀ ਸਮੂਹ ਨੇ ਅੱਜ ਜਨਤਕ ਇਕੱਠ ਨੂੰ ਰੋਕਣ ਲਈ ਕਈ ਹੋਰ ਸਖਤ ਕਦਮ ਚੁੱਕੇ। ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਸਮੂਹ ਦੀ ਮੀਟਿੰਗ ਵਿੱਚ ਸਾਰੇ ਸ਼ਾਪਿੰਗ ਕੰਪਲੈਕਸਾਂ, ਮਾਲ, ਅਜਾਇਬ ਘਰਾਂ, ਸਥਾਨਕ ਹਫਤਾਵਾਰੀ ਕਿਸਾਨ ਮੰਡੀਆਂ ਨੂੰ ਬੰਦ ਕਰਨ ਦੇ ਨਾਲ ਨਾਲ ਸਾਰੀਆਂ ਧਾਰਮਿਕ ਸੰਸਥਾਵਾਂ ਅਤੇ ਡੇਰਾ ਮੁਖੀਆਂ ਨੂੰ ਆਪਣੇ ਧਾਰਮਿਕ ਸਮਾਗਮ 31 ਮਾਰਚ, 2020 ਤੱਕ ਮੁਲਤਵੀ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ।ਭਾਰਤ ਸਰਕਾਰ ਵੱਲੋਂ ਜਾਰੀ ਐਡਵਾਈਜ਼ਰੀ ਦੇ ਆਧਾਰ 'ਤੇ, ਮੰਤਰੀ ਸਮੂਹ ਨੇ ਮੈਰਿਜ ਪੈਲੇਸਾਂ ਵਿਖੇ ਕਰਵਾਏ ਜਾ ਰਹੇ ਵਿਆਹ ਸਮਾਗਮਾਂ ਦੌਰਾਨ ਇਕੱਠ ਕਰਨ 'ਤੇ ਰੋਕ ਲਗਾਉਣ ਦਾ ਵੀ ਫੈਸਲਾ ਕੀਤਾ ਹੈ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ ਜਾਰੀ ਕੀਤੇ ਗਏ ਹਨ ਕਿ ਮੈਰਿਜ ਪੈਲੇਸਾਂ ਵਿੱਚ ਕਿਸੇ ਵੀ ਸਮਾਰੋਹ ਦੌਰਾਨ 50 ਵਿਅਕਤੀਆਂ ਤੋਂ ਵੱਧ ਇਕੱਠ ਨਾ ਕੀਤਾ ਜਾਵੇ। ਇਸੇ ਤਰ੍ਹਾਂ ਡਿਪਟੀ ਕਮਿਸ਼ਨਰ ਨੂੰ ਆਪਣੇ ਅਧਿਕਾਰ ਖੇਤਰ ਵਿਚਲੇ ਸਾਰੇ ਰੈਸਟੋਰੈਂਟਾਂ, ਹੋਟਲਾਂ, ਢਾਬਿਆਂ ਅਤੇ ਫੂਡ ਕੋਰਟਾਂ ਵਿੱਚ ਹੈਂਡ ਵਾਸੰਿਗ ਪ੍ਰੋਟੋਕੋਲ ਲਾਗੂ ਕਰਨ ਅਤੇ ਜਿਸ ਜਗ੍ਹਾਂ ਨੂੰ ਵੱਧ ਲੋਕ ਛੂੰਹਦੇ ਹਨ ਉਹਨਾਂ ਥਾਵਾਂ ਦੀ ਢੁਕਵੀਂ ਸਫਾਈ ਤੋਂ ਇਲਾਵਾ ਵਿਅਕਤੀਆਂ ਅਤੇ ਟੇਬਲਾਂ ਵਿਚਕਾਰ 1 ਮੀਟਰ ਦੀ ਦੂਰੀ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ।ਸੂਬੇ ਦੇ ਸਾਰੇ ਸਾਪਿੰਗ ਕੰਪਲੈਕਸ, ਮਾਲ ਅਤੇ ਸਿਨੇਮਾ 31 ਮਾਰਚ ਤੱਕ ਬੰਦ ਰਹਿਣਗੇ ਪਰ ਮਾਲਾਂ ਵਿਚਲੀਆਂ ਕੈਮਿਸਟਾਂ ਅਤੇ ਕਰਿਆਨੇ ਦੀਆਂ ਦੁਕਾਨਾਂ ਨੂੰ ਇਸ ਪਾਬੰਦੀ ਤੋਂ ਛੋਟ ਦਿੱਤੀ ਗਈ ਹੈ। ਇਸੇ ਤਰ੍ਹਾਂ ਲੋਕਾਂ ਨੂੰ ਇਕ ਥਾਂ 'ਤੇ ਇਕੱਠੇ ਹੋਣ ਤੋਂ ਰੋਕਣ ਲਈ ਸੂਬੇ ਦੀਆਂ ਸਾਰੀਆਂ ਸਥਾਨਕ ਹਫਤਾਵਾਰੀ ਕਿਸਾਨ ਮੰਡੀਆਂ ਬੰਦ ਕਰ ਦਿੱਤੀਆਂ ਗਈਆਂ ਹਨ। 

ਮੰਤਰੀ ਸਮੂਹ ਨੇ ਲੋਕਾਂ ਦੀ ਸਹੂਲਤ ਲਈ ਰੇਹੜੀ ਵਾਲਿਆਂ ਨੂੰ ਗਲੀ/ਮੁਹੱਲਿਆਂ ਵਿਚ ਸਬਜੀ ਵੇਚਣ ਦੀ ਆਗਿਆ ਦੇ ਦਿੱਤੀ ਹੈ।ਮੰਤਰੀ ਸਮੂਹ ਨੇ ਸਕੂਲ ਸਿੱਖਿਆ ਵਿਭਾਗ ਅਤੇ ਨਿੱਜੀ ਵਿਦਿਅਕ ਸੰਸਥਾਵਾਂ ਦੇ ਪ੍ਰਬੰਧਕੀ ਅਦਾਰਿਆਂ ਨੂੰ ਵੀ ਪ੍ਰੀਖਿਆਵਾਂ ਮੁਲਤਵੀ ਕਰਨ ਦੇ ਨਿਰਦੇਸ ਦਿੱਤੇ ਹਨ। ਜੇ ਪ੍ਰੀਖਿਆਵਾਂ ਕਰਵਾਉਣ ਦੀ ਸਖਤ ਜਰੂਰਤ ਹੈ ਤਾਂ ਉਹ ਸੰਸਥਾਵਾਂ ਅਤੇ ਸਕੂਲ ਜਲ੍ਹਾ ਪ੍ਰਸਾਸਨ ਨੂੰ ਸੂਚਿਤ ਕਰਨਗੇ ਅਤੇ ਇਹ ਵੀ ਯਕੀਨੀ ਬਣਾਉਣਗੇ ਕਿ ਦੋ ਵਿਦਿਆਰਥੀਆਂ ਵਿਚਕਾਰ ਇਕ ਮੀਟਰ ਦੀ ਦੂਰੀ ਰੱਖੀ ਜਾਵੇ।ਮੰਤਰੀ ਸਮੂਹ ਨੇ ਸੂਬੇ ਦੀ ਮੌਜੂਦਾ ਸਥਿਤੀ ਦਾ ਜਾਇਜਾ ਲਿਆ ਅਤੇ ਨਿਰਧਾਰਤ ਦਵਾਈਆਂ ਦੀ ਉਪਲਬਧਤਾ ਅਤੇ ਮਹੱਤਵਪੂਰਨ ਸਥਾਨਾਂ 'ਤੇ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਦੀ ਤਾਇਨਾਤੀ ਦਾ ਵੀ ਜਾਇਜਾ ਲਿਆ। ਮੰਤਰੀ ਸਮੂਹ ਨੇ ਇਸ ਤੱਥ 'ਤੇ ਗੰਭੀਰਤਾ ਜਾਹਰ ਕੀਤੀ ਕਿ ਕੋਵਿਡ-19 ਨੇ ਸਾਰੇ ਯੂਰਪ ਵਿੱਚ ਜਨ-ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਅਤੇ ਯੂਰਪ ਦੇ ਸਾਰੇ ਕਾਰੋਬਾਰ, ਸਿੱਖਿਆ ਸੰਸਥਾਵਾਂ, ਧਾਰਮਿਕ ਸੰਸਥਾਵਾਂ ਨੂੰ ਬੰਦ ਕਰ ਦਿੱਤਾ ਗਿਆ ਹੈ।ਮੀਟਿੰਗ ਵਿੱਚ ਮੰਤਰੀ ਸਮੂਹ ਦੇ ਮੈਂਬਰ ਸ੍ਰੀ ਓਮ ਪ੍ਰਕਾਸ਼ ਸੋਨੀ, ਸ੍ਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸ੍ਰੀਮਤੀ ਰਜ਼ੀਆ ਸੁਲਤਾਨਾ, ਸ. ਬਲਬੀਰ ਸਿੰਘ ਸਿੱਧੂ, ਸ੍ਰੀ ਵਿਜੇ ਇੰਦਰ ਸਿੰਗਲਾ ਅਤੇ ਸ੍ਰੀ ਭਾਰਤ ਭੂਸ਼ਣ ਆਸ਼ੂ ਅਤੇ ਸਾਰੇ ਕੈਬਨਿਟ ਮੰਤਰੀਆਂ ਦੇ ਨਾਲ ਮੁੱਖ ਸਕੱਤਰ ਸ੍ਰੀ ਕਰਨ ਅਵਤਾਰ ਸਿੰਘ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਅਨੁਰਾਗ ਅਗਰਵਾਲ, ਮੈਡੀਕਲ ਸਿੱਖਿਆ ਅਤੇ ਖੋਜ ਦੇ ਪ੍ਰਮੁੱਖ ਸਕੱਤਰ ਸ੍ਰੀ ਡੀ.ਕੇ. ਤਿਵਾੜੀ,  ਪੀ.ਐਚ.ਐਸ.ਸੀ. ਦੇ ਐਮਡੀ ਸ੍ਰੀ ਮਨਵੇਸ ਸਿੰਘ ਸਿੱਧੂ,  ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਸ੍ਰੀ ਭੁਪਿੰਦਰ ਸਿੰਘ ਅਤੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਅਵਨੀਤ ਕੌਰ ਸਾਮਲ ਸਨ।