ਕਾਵਿ ਰੰਗਾਂ ਦੀ ਵੰਨ ਸੁਵੰਨਤਾ ਬਿਖੇਰਦਾ ਪੰਜਵਾਂ ਅੰਮ੍ਰਿਤਸਰ ਸਾਹਿਤ ਉਤਸਵ ਸੰਪੰਨ
ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਕੀਤਾ 'ਚੜ੍ਹਿਆ ਬਸੰਤ' ਦਾ ਉਦਘਾਟਨ
5 Dariya News
ਅੰਮ੍ਰਿਤਸਰ 27-Feb-2020
ਬਸੰਤ ਰੁਤ ਨੂੰ ਸਮਰਪਿਤ ਪੰਜਵੇਂ'ਅੰਮਿਤਸਰ ਸਾਹਿਤ ਉਤਸਵ'ਦੇ ਤੀਜੇ ਅਤੇ ਆਖਰੀ ਦਿਨ ਦੌਰਾਨ 'ਚੜ੍ਹਿਆਂ ਬਸੰਤ' 11ਵੇਂ ਕਵੀ ਦਰਬਾਰ ਦਾ ਆਯੋਜਨ ਬਹੱਦ ਖੂਬਸੂਰਤ ਤੇ ਪ੍ਰਭਾਵਸ਼ਾਲੀ ਢੰਗ ਨਾਲ ਨੇਪਰੇ ਚੜ੍ਹਿਆ। ਕਵੀ ਦਰਬਾਰ ਵਿਚ ਪੇਸ਼ ਕੀਤੀਆਂ ਗਈਆਂ ਕਵਿਤਾਵਾਂ ਤੋਂ ਭਵਿੱਖ ਦੀ ਪੰਜਾਬੀ ਕਵਿਤਾ ਦੇ ਨਕਸ਼ ਪਛਾਣੇ ਜਾ ਸਕਣ ਦੀ ਸੰਭਾਵਨਾ ਸੀ। ਇਸ ਵਿਚ ਪੰਜਾਬੀ ਕਵਿਤਾ ਦੇ ਵੱਖ ਵੱਖ ਰੰਗ ਪੇਸ਼ ਹੋਏ। ਪ੍ਰਚਲਤ ਧਾਰਾਵਾਂ ਅਤੇ ਰੁਝਾਨਾਂ ਤੋਂ ਇਲਾਵਾ ਕਵਿਤਾ ਦੇ ਅਜਿਹੇ ਰੰਗ ਵੀ ਦੇਖਣ ਨੂੰ ਮਿਲੇ ਜਿਨ੍ਹਾਂ ਨੂੰ ਕਿਸੇ ਵੀ ਵਿਚਾਰਧਾਰਕ ਪ੍ਰਭਾਵ ਨਾਲ ਸਬੰਧਤ ਨਹੀਂ ਕੀਤਾ ਜਾ ਸਕਦਾ।ਇਸ ਮੌਕੇ ਪ੍ਰਧਾਨਗੀ ਕਰ ਰਹੇ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਅਤੇ ਪਦਮਸ਼ੀ੍ਰ ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਮੁਸ਼ਾਇਰਾ ਪੜ੍ਹਨਾ ਵੀ ਕਲਾ ਹੈ ਜਿਸ ਨੂੰ ਹਰ ਕਵੀ ਨਹੀਂ ਨਿਭਾਅ ਸਕਦਾ। ਕਵੀ ਨੂੰ ਚੁਪ ਹੋਣ ਦੀ ਜਾਚ ਸਿਖਣੀ ਚਾਹੀਦੀ ਹੈ ਜਿਸ ਨਾਲ ਉਹ ਆਪਣੀ ਅੰਦਰੀ ਕਵਿਤਾ ਨੂੰ ਵਧੇਰੇ ਇਕਾਰਤਾ ਅਤੇ ਸ਼ਿਦਤ ਨਾਲ ਸੁਣ ਸਕੇ। ਉਨ੍ਹਾਂ ਅੱਗੇ ਕਿਹਾ ਕਿ 'ਚੜ੍ਹਿਆ ਬਸੰਤ' ਨੇ ਕਾਵਿਕ ਵੰਨ ਸੁਵੰਨਤਾ ਨਾਲ ਪੰਜਾਬੀ ਚਿੰਤਨ ਅਤੇ ਸਾਹਿਤ ਜਗਤ ਵਿਚ ਇਕ ਵਿਸ਼ੇਸ਼ ਸਥਾਨ ਹਾਸਲ ਕਰ ਲਿਆ ਹੈ। ਇਸ ਮੌਕੇ ਨਾਦ ਪ੍ਰਗਾਸੁ ਸ਼ਬਦ ਸਨਮਾਨ ਨਾਲ ਸਨਮਾਨਿਤ ਕੀਤੇ ਗਏ ਕਵੀ ਪਰਮਿੰਦਰ ਸੋਢੀ ਨੇ ਨਾਦ ਪ੍ਰਗਾਸੁ ਸੰਸਥਾ ਦੇ ਯਤਨਾ ਪ੍ਰਸੰਸਾ ਕਰਦਿਆਂ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਕਿ ਚਿੰਤਨ ਅਤੇ ਕਾਵਿਕਤਾ ਦੀ ਪਛਾਣ ਕੀਤੀ ਹੈ ਜੋ ਮੌਜੂਦਾ ਸਮੇਂ ਜਿਸਨੂੰ ਮੌਜੂਦਾ ਸਮੇਂ ਦਾ ਇਕ ਦੁਰਲੁਭ ਸੰਕੇਤ ਮੰਨਿਆ ਜਾ ਸਕਦਾ ਹੈ।ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪ੍ਰੋ. ਜਸਪਾਲ ਕੌਰ ਕਾਂਗ ਨੇ ਕਿਹਾ ਕਿ ਰਿਗਵੇਦ, ਧਮਪੱਦ, ਦਸਮ ਗ੍ਰੰਥ ਆਦਿ ਨੇ ਸਾਡੇ ਚਿੰਤਨ, ਕਲਾ ਅਤੇ ਗਿਆਨ ਦੇ ਪ੍ਰਗਟਾਵੇ ਨੂੰ ਹਮੇਸ਼ਾ ਪ੍ਰੇਰਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਕਵਿਤਾ ਨਿਰਾ ਕਥਨ ਨਹੀਂ ਹੁੰਦੀ ਬਲਕਿ ਸਿਰਜਣਾਤਮਕ ਅਤੇ ਗੁੱਝੇ ਅਰਥਾਂ ਨੂੰ ਪ੍ਰਗਟਾਉਣ ਦੀ ਕਲਾ ਹੈ ਜਿਸ ਵਿਚੋਂ ਲੇਖਕ ਦੇ ਚਿਤਵਣ ਤੋਂ ਲੈ ਕੇ ਚਿਤਰਨ ਤਕ ਦਾ ਅਨੁਭਵ ਇਕ ਸੁਰ ਹੁੰਦਾ ਹੈ। ਇਸ ਤੋਂ ਇਲਾਵਾ ਅੱਜ ਦੀ ਇਸ ਕਾਵਿ ਸੰਗਤ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ, ਪ੍ਰੋ. ਸਰਬਜੋਤ ਸਿੰਘ ਬਹਿਲ, ਪੰਜਾਬੀ ਅਕਾਦਮੀ ਦਿੱਲੀ ਦੇ ਸਕੱਤਰ ਗੁਰਭੇਜ ਸਿੰਘ ਗੁਰਾਇਆ ਅਤੇ ਖਾਲਸਾ ਕਾਲਜ ਫਾਰ ਵਿਮਨ ਦੇ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਨੇ ਵੀ ਸੰਬੋਧਤ ਕੀਤਾ।
ਇਸ ਕਵੀ ਦਰਬਾਰ ਆਰੰਭ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਦੁਆਰਾ ਸ਼ਮ੍ਹਾਂ ਰੌਸ਼ਨ ਕਰਨ ਦੇ ਨਾਲ ਹੋਇਆ। ਇਸ ਤੋਂ ਬਾਅਦ ਨਾਦ ਪ੍ਰਗਾਸੁ ਸੰਸਥਾ ਦੇ ਸਕੱਤਰ ਵਰਿੰਦਰ ਪਾਲ ਸਿੰਘ ਨੇ ਆਏ ਸਰੋਤਿਆਂ ਅਤੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਉਪਰੰਤ ਬਸੰਤ ਰਾਗ ਦਾ ਸਾਰੰਗੀ ਵਾਦਨ ਪ੍ਰੋ. ਸੁਖਵਿੰਦਰ ਸਿੰਘ ਦੁਆਰਾ ਸ਼ਾਸਤਰੀ ਵਿਧੀ ਨਾਲ ਕੀਤਾ ਗਿਆ ਅਤੇ ਬਸੰਤ ਰਾਗ ਦਾ ਗਾਇਨ ਭਾਈ ਅਵਤਾਰ ਸਿੰਘ ਬੋਦਲਾਂ ਘਰਾਣੇ ਨੇ ਕੀਤਾ। ਬਾਅਦ ਵਿਚ ਹਾਜਰ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਚੜ੍ਹਿਆ ਬਸੰਤ ਕਵੀ ਦਰਬਾਰ ਵਿਚ ਕੁਲ ਅਠਾਰ੍ਹਾਂ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਜਿਸ ਦੌਰਾਨ ਵਿਦਿਆਰਥੀਆਂ ਨੂੰ ਪੰਜਾਬੀ ਦੀਆਂ ਉੁਪ ਬੋਲੀਆਂ ਦੇ ਕਵੀ ਸੁਆਮੀ ਅੰਤਰਨੀਰਵ (ਪਹਾੜੀ) ਐਜ਼ਾਜ ਸੈਫ (ਗੋਜਰੀ) ਸਲੀਮ ਤਾਬਿਸ਼ (ਪੋਠੋਹਾਰੀ) ਅਤੇ ਸੁਰਜੀਤ ਹੋਸ਼ ਬਡਸਾਲੀ (ਡੋਗਰੀ) ਵੀ ਸੁਣਨ ਨੂੰ ਮਿਲੇ। ਇਨ੍ਹਾਂ ਤੋਂ ਇਲਾਵਾ ਪ੍ਰਕਾਸ਼ ਪ੍ਰਭਾਕਰ, ਮਨਜੀਤ ਇੰਦਰ, ਵਿਜੇ ਵਿਵੇਕ, ਸੁਖਵਿੰਦਰ ਅੰਮ੍ਰਿਤ, ਭੁਪਿੰਦਰਪ੍ਰੀਤ, ਮੁਕੇਸ਼ ਆਲਮ, ਸੁਰਜੀਤ ਜੱਜ, ਨੀਤੂ ਅਰੋੜਾ, ਅਮਰਜੀਤ ਕੌਰ ਹਿਰਦੇ, ਅਨੂ ਬਾਲਾ, ਹਰਪ੍ਰੀਤ ਸਿੰਘ ਅਤੇ ਸੁਰਿੰਦਰ ਸਿੰਘ ਨੇ ਆਪਣੀਆਂ ਰਚਨਾਵਾਂ ਦੀ ਪੇਸ਼ਕਾਰੀ ਕੀਤੀਅੰਤ ਵਿਚ ਧੰਨਵਾਦੀ ਮਤਾ ਪੇਸ਼ ਕਰਦਿਆਂ ਪ੍ਰੋ ਜਗਦੀਸ਼ ਸਿੰਘ ਨੇ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਲਾਹੌਰ ਦੇ ਨਾਲ ਨਾਲ ਕਲਾ, ਸਾਹਿਤ ਅਤੇ ਚਿੰਤਨ ਦਾ ਕੇਂਦਰ ਰਿਹਾ ਹੈ ਜਿਸ ਨੂੰ ਹੁਣ ਮੁੜ ਪੁਨਰ ਸੁਰਜੀਤ ਕਰਨ ਦੇ ਯਤਨ ਕਰ ਰਹੇ ਹਾਂ। ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਪੰਜਾਬ ਦੇ ਵਿਦਿਆਰਥੀਆਂ ਨੂੰ ਆਪਣੇ ਪ੍ਰਤੀਕਾਂ ਅਤੇ ਪਰੰਪਰਾ ਵਿਚੋਂ ਗਿਆਨ ਦੀ ਦਿਸ਼ਾ ਪੈਦਾ ਕਰਨੀ ਚਾਹੀਦੀ ਹੈ ਜਿਸ ਨਾਲ ਜੀਵਨ ਦੇ ਹੋਂਦਮੁਖੀ ਅਤੇ ਤੱਤਮੀਮਾਂਸਕ ਪ੍ਰਸ਼ਨਾਂ ਨੂੰ ਸੰਬੋਧਨ ਹੋਇਆ ਜਾ ਸਕਦਾ ਹੈ।ਜ਼ਿਕਰਯੋਗ ਹੈ ਕਿ ਨਾਦ ਪ੍ਰਗਾਸੁ ਵੱਲੋਂ ਕਲਾ ਦੇ ਖੇਤਰ ਵਿਚ ਕਾਰਜਸ਼ੀਲ ਵਿਦਿਆਰਥੀਆਂ ਦੇ ਉਦੇਸ਼ ਨਾਲ ਉਨਾਂਹ ਦੁਆਰਾ ਬਣਾਈਆਂ ਕਲਾ ਕ੍ਰਿਤਾਂ ਨੂੰ ਵੀ ਪ੍ਰਦਰਸ਼ਿਤ ਕੀਤਾ ਗਿਆ। ਇਸ ਤੋਂ ਇਲਾਵਾ ਲੱਕੜ ਕਾਰੀਗਰੀ ਪ੍ਰਦਰਸ਼ਨੀ, ਫੋਟੋਗ੍ਰਾਫੀ ਅਤੇ ਪੁਰਾਤਨ ਸਾਜ਼ਾਂ ਦੀਆਂ ਪ੍ਰਦਰਸ਼ਨੀਆਂ ਨੇ ਵੀ ਵਿਦਿਆਰਥੀਆਂ ਨੂੰ ਅਕਾਰਸ਼ਿਤ ਕਰੀ ਰੱਖਿਆ।ਇਸ ਮੌਕੇ ਕਵੀਆਂ ਅਤੇ ਵਿਦਵਾਨਾਂ ਨੂੰ ਪੁਸਤਕਾਂ ਦਾ ਸੈਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਰਾਜ ਦੀਆਂ ਵੱਖ ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਤੋਂ ਇਲਾਵਾ ਹੋਰਨਾਂ ਵਿਦਿਅਕ ਸੰਸਥਾਵਾਂ ਤੋਂ ਵਿਦਵਾਨਾਂ, ਅਧਿਆਪਕਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ।