ਆਇਓਡੀਨ ਦੀ ਘਾਟ ਨਾਲ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਸਬੰਧੀ ਕੌਮੀ ਪ੍ਰੋਗਰਾਮ ਅੱਜ ਸਿਵਲ ਹਸਪਤਾਲ ਮਾਨਸਾ ਵਿਖੇ ਕਰਵਾਇਆ ਗਿਆ। ਸਿਵਲ ਸਰਜਨ ਡਾ. ਲਾਲ ਚੰਦ ਠਕਰਾਲ ਨੇ ਦੱਸਿਆ ਕਿ ਆਇਓਡੀਨ ਦੀ ਘਾਟ ਨਾਲ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਦਾ ਕੌਮੀ ਪ੍ਰੋਗਰਾਮ ਸਬੰਧੀ ਹਫਤਾ ਸਕੂਲਾਂ, ਕਾਲਜਾਂ ਅਤੇ ਸਿਹਤ ਕੇਂਦਰਾਂ ਵਿੱਚ ਮਨਾਇਆ ਜਾ ਰਿਹਾ ਹੈ।ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਸੁਰਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਇਓਡੀਨ ਇੱਕ ਕੁਦਰਤੀ ਤੱਤ ਹੈ ਜੋ ਕਿ ਸਾਡੇ ਸਰੀਰ ਅਤੇ ਦਿਮਾਗ ਦੇ ਵਿਕਾਸ ਲਈ ਬਹੁਤ ਜਰੂਰੀ ਹੈ। ਆਇਓਡੀਨ ਤੱਤ ਬੱਚੇ, ਨੌਜਵਾਨਾਂ ਅਤੇ ਗਰਭਵਤੀ ਮਾਵਾਂ ਲਈ ਬਹੁਤ ਜਰੂਰੀ ਹੁੰਦਾ ਹੈ। ਸੀਨੀਅਰ ਮੈਡੀਕਲ ਅਫਸਰ ਡਾ. ਸੁਸ਼ਾਂਤ ਸੂਦ ਨੇ ਦੱਸਿਆ ਕਿ ਇਸ ਦੀ ਘਾਟ ਨਾਲ ਗਿੱਲੜ ਰੋਗ, ਗਰਭਵਤੀ ਔਰਤਾਂ ਵਿੱਚ ਇਸਦੀ ਘਾਟ ਨਾਲ ਪੈਦਾ ਹੋਣ ਵਾਲਾ ਬੱਚਾ ਅਸਧਾਰਣ ਜਾਂ ਮਰਿਆ ਹੋਇਆ ਪੈਦਾ ਹੋ ਸਕਦਾ ਹੈ। ਇਸ ਦੀ ਘਾਟ ਨਾਲ ਗਰਭਪਾਤ ਵੀ ਹੋ ਸਕਦਾ ਹੈ। ਖਾਲਸਾ ਨਰਸਿੰਗ ਕਾਲਜ ਭੀਖੀ ਦੀ ਵਿਦਿਆਰਥਣ ਮਨਦੀਪ ਕੌਰ ਨੇ ਦੱਸਿਆ ਕਿ ਆਇਓਡੀਨ ਦੀ ਘਾਟ ਨਾਲ ਬੋਲਾਪਣ, ਗੂੰਗਾਪਣ, ਭੈਂਗਾਪਣ ਅਤੇ ਨੌਜਵਾਨਾਂ 'ਚ ਸੁਸਤੀ ਅਤੇ ਥਕਾਵਟ ਆ ਜਾਂਦੀ ਹੈ। ਅਖੀਰ ਵਿਚ ਕੁਲਦੀਪ ਸਿੰਘ ਡਿਪਟੀ ਮਾਸ ਮੀਡੀਆ ਅਫਸਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਇਓਡੀਨ ਦੇ ਤੱਤ ਮਿੱਟੀ ਅਤੇ ਪਾਣੀ 'ਚ ਪਾਏ ਜਾਂਦੇ ਹਨ ਜੋ ਕਿ ਅਨਾਜ ਅਤੇ ਫਲ ਸਬਜੀਆਂ ਦੇ ਰੂਪ 'ਚ ਸਾਨੂੰ ਮਿਲਦੇ ਹਨ। ਕਈ ਇਲਾਕਿਆਂ ਵਿੱਚ ਇਸ ਦੀ ਘਾਟ ਹੁੰਦੀ ਹੈ। ਸਾਨੂੰ ਚੜ੍ਹਦੇ ਸੂਰਜ ਦੇ ਨਿਸ਼ਾਨ ਵਾਲੇ ਨਮਕ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ। ਇਸ ਮੌਕੇ ਰੋਜਲੀਨ ਨਰਸਿੰਗ ਸਿਸਟਰ, ਤਜਿੰਦਰ ਸ਼ਰਮਾ ਤੋਂ ਇਲਾਵਾ ਸਿਹਤ ਵਿਭਾਗ ਦੇ ਕਰਮਚਾਰੀ ਅਤੇ ਅਧਿਕਾਰੀ ਹਾਜਰ ਸਨ।