ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਵਿੱਚ ਨਸ਼ਾ ਵਿਰੋਧੀ ਮੰਚ ਵੱਲੋਂ ਪਿਛਲੇ ਸਮੇਂ ਸ਼ੁਰੂ ਕੀਤੀ ਨਸ਼ਿਆਂ ਖ਼ਿਲਾਫ ਮੁਹਿੰਮ ਦੇ ਸਬੰਧ ਵਿੱਚ ਇਲਾਕੇ ਦੇ ਪਿੰਡਾ ਦੀ ਇੱਕ ਮੀਟਿੰਗ ਨਵਾਂ ਪਿੰਡ ਵਿਖੇ ਹੋਈ। ਜਿਸ ਵਿਚ ਇਲਾਕੇ ਭਰ ਵਿੱਚੋਂ ਵੱਖ-ਵੱਖ ਪਿੰਡਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਇਸ ਮੀਟਿੰਗ ਵਿੱਚ ਸ਼ਾਮਲ ਨੁਮਾਇੰਦਿਆਂ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਨਸ਼ਿਆਂ ਦੇ ਕਾਰੋਬਾਰ ਨੂੰ ਕਾਫੀ ਹੱਦ ਤੱਕ ਲੋਕਾਂ ਦੇ ਸਹਿਯੋਗ ਨਾਲ ਕੰਟਰੋਲ ਕੀਤਾ ਜਾ ਸਕਿਆ ਹੈ। ਪਰ ਅਜੇ ਵੀ ਕੁਝ ਵਿਅਕਤੀ ਇਹ ਧੰਦਾ ਕਰ ਰਹੇ ਹਨ। ਇਸ ਸਬੰਧੀ ਪੁਲਿਸ ਪ੍ਰਸ਼ਾਸਨ ਨੂੰ ਹੋਰ ਵੀ ਸੰਜੀਦਗੀ ਨਾਲ ਕਾਰਵਾਈ ਕਰਨ ਦੀ ਲੋੜ ਹੈ। ਇਸ ਸਬੰਧੀ ਅਗਲੇ ਪ੍ਰੋਗਰਾਮ ਵਿੱਚ ਰੱਖੜ ਪੁੰਨਿਆ ਦੇ ਮੇਲੇ ਤੋਂ ਬਾਅਦ ਜੰਡਿਆਲਾ ਗੁਰੂ ਵਿਖੇ "ਨਸ਼ੇ ਸਮਾਜ ਅਤੇ ਪ੍ਰਸ਼ਾਸਨ ਵਿਸੇ਼ ਉਪਰ" ਇੱਕ ਸੈਮੀਨਾਰ ਕਰਵਾਇਆ ਜਾਵੇਗਾ। ਜਿਸ ਵਿਚ ਵੱਖ-ਵੱਖ ਵਿਸ਼ਾ ਮਾਹਿਰ ਇਸ ਉਪਰ ਆਪਣੇ ਵਿਚਾਰ ਰੱਖਣਗੇ। ਇਸ ਦੇ ਨਾਲ ਹੀ ਇਸ ਮੁਹਿੰਮ ਨੂੰ ਹੋਰ ਸਾਰਥਿਕ ਬਣਾਉਣ ਵਾਸਤੇ ਇਲਾਕੇ ਦੇ ਸੀਨੀਅਰ ਸਕੂਲਾਂ ਦੇ ਵਿਦਿਆਰਥੀਆਂ ਨਾਲ ਸੰਵਾਦ ਰਚਾਉਣ ਦਾ ਫੈਸਲਾ ਕੀਤਾ ਗਿਆ। ਮੀਟਿੰਗ ਵਿੱਚ ਆਉਣ ਵਾਲੀਆਂ ਪੰਚਾਇਤ ਚੋਣਾਂ ਨਸ਼ਾ ਰਹਿਤ ਕਰਾਉਣ ਲਈ ਇਕ ਇਸ਼ਤਿਹਾਰ ਛਾਪ ਕੇ ਲੋਕਾਂ ਨੂੰ ਅਪੀਲ ਕੀਤੀ ਜਾਵੇਗੀ। ਮੀਟਿੰਗ ਨੂੰ ਜਥੇਬੰਦੀ ਦੇ ਆਗੂਆਂ ਕਾਮਰੇਡ ਲੱਖਬੀਰ ਸਿੰਘ ਨਿਜ਼ਾਮਪੁਰ, ਭੁਪਿੰਦਰ ਸਿੰਘ , ਬਲਵੰਤ ਸਿੰਘ ਤੀਰਥਪੁਰਾ, ਦਲਬੀਰ ਸਿੰਘ, ਰਾਜਬੀਰ ਸਿੰਘ, ਤਰਸੇਮ ਸਿੰਘ ਨੰਗਲ, ਪ੍ਰਤਾਪ ਸਿੰਘ ਛੀਨਾ, ਚਰਨਜੀਤ ਸਿੰਘ ਮੱਖਣ ਵਿੰਡੀ, ਕਰਨੈਲ ਸਿੰਘ, ਬਲਵਿੰਦਰ ਸਿੰਘ, ਧਰਮਿੰਦਰ ਸਿੰਘ, ਲਾਭ ਸਿੰਘ, ਜਗਤਾਰ ਸਿੰਘ, ਰਵੀ ਛਾਪਾ, ਬਲਬੀਰ ਸਿੰਘ ਜੰਡ, ਸੁਖਰਾਜ ਸਿੰਘ ਸੋਹਲ, ਦਿਲਬਾਗ ਸਿੰਘ, ਹਰਜੀਤ ਸਿੰਘ, ਕੁਲਦੀਪ ਸਿੰਘ ਅਤੇ ਅਵਤਾਰ ਸਿੰਘ ਵਡਾਲਾ ਜੌਹਲ ਨੇ ਸੰਬੋਧਨ ਕੀਤਾ।