ਪੰਜਾਬ ਦੇ ਊਰਜਾ ਤੇ ਸਿੰਜਾਈ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਸੂਬੇ ਵਿੱਚ ਵੱਖ-ਵੱਖ ਥਾਵਾਂ 'ਤੇ ਅੱਗ ਲੱਗਣ ਕਾਰਨ ਸੈਂਕੜੇ ਏਕੜ ਕਣਕ ਦੇ ਸੜਨ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਸਖ਼ਤ ਨਿਰਦੇਸ਼ ਜਾਰੀ ਕਰਦਿਆਂ ਇਹ ਯਕੀਨੀ ਬਨਾਉਣ ਲਈ ਕਿਹਾ ਹੈ ਕਿ ਭਵਿੱਖ ਵਿੱਚ ਕਿਤੇ ਵੀ ਖੇਤਾਂ ਵਿੱਚੋਂ ਲੰਘਣ ਵਾਲੀਆਂ ਬਿਜਲੀ ਦੀਆਂ ਤਾਰਾਂ ਖੇਤਾਂ ਵਿੱਚ ਅੱਗ ਲੱਗਣ ਦਾ ਕਾਰਨ ਨਾ ਬਨਣ।ਰਾਣਾ ਗੁਰਜੀਤ ਸਿੰਘ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਕਣਕ ਦੀ ਵਾਡੀ ਦੌਰਾਨ 7 ਅਪ੍ਰੈਲ ਤੋਂ 7 ਮਈ ਤੱਕ ਹਵਾ ਦੇ ਵੇਗ 'ਤੇ ਬਾਜ਼ ਅੱਖ ਰੱਖੀ ਜਾਵੇ ਕਿਉਂ ਕਿ ਇਸ ਸਮੇਂ ਦੌਰਾਨ ਹੀ ਵਾਢੀ ਦਾ ਵਧੇਰੇ ਜ਼ੋਰ ਹੁੰਦਾ ਹੈ। ਊਰਜਾ ਮੰਤਰੀ ਨੇ ਕਈ ਖੇਤਰਾਂ ਵਿਚ ਵੱਡੇ ਪੱਧਰ 'ਤੇ ਕਣਕ ਨੂੰ ਲੱਗੀ ਅੱਗ ਅਤੇ ਇਕ ਕੀਮਤੀ ਜਾਨ ਦੇ ਚਲੇ ਜਾਣ ਸਬੰਧੀ ਖਬਰਾਂ ਦਾ ਨੋਟਿਸ ਲੈਂਦਿਆਂ ਪੀਐਸਪੀਸੀਐਲ ਦੇ ਚੇਅਰਮੈਨ ਨੂੰ ਆਖਿਆ ਹੈ ਕਿ ਉਹ ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰਦਿਆਂ ਹਵਾ ਦੇ ਵੇਗ ਅਤੇ ਗਤੀ 'ਤੇ ਧਿਆਨ ਰੱਖਣ ਲਈ ਇਕ ਸਪੈਸ਼ਲ ਮੋਨੀਟਰਿੰਗ ਸੈੱਲ ਦਾ ਗਠਨ ਕਰਨ ਤਾਂ ਜੋ ਸਮਾਂ ਰਹਿੰਦਿਆਂ ਫਸਲਾਂ ਨੂੰ ਬਚਾਇਆ ਜਾ ਸਕੇ ਅਤੇ ਸਮੇਂ ਸਿਰ ਬਿਜਲੀ ਸਪਲਾਈ ਨੂੰ ਬੰਦ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਪੀਐਸਪੀਸੀਐਲ ਨੂੰ ਹਵਾ ਦੇ ਵੇਗ ਨੂੰ ਜਾਨਣ ਲਈ ਰਿਮੋਰਟ ਸੈਂਸਿੰਗ ਵਿਧੀ ਵਰਤਣ ਲਈ ਆਖਿਆ ਗਿਆ ਹੈ ਤਾਂ ਜੋ ਬਿਜਲੀ ਦੀਆਂ ਤਾਰਾਂ ਨੂੰ ਜੁੜਨ ਤੋਂ ਬਚਾਇਆ ਜਾ ਸਕੇ ਜਿਸ ਕਰਕੇ ਕਿ ਤਾਰਾਂ 'ਚੋਂ ਚਿੰਗਿਆੜੇ ਨਿਕਲਣ ਕਾਰਣ ਫਸਲਾਂ ਨੂੰ ਅੱਗ ਲੱਗਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਅੱਗ ਲੱਗਣ ਦੇ ਵਰਤਾਰੇ ਰੋਕਣ ਲਈ ਚੌਵੀ ਘੰਟੇ ਮੋਨੀਟਰਿੰਗ ਕੀਤੀ ਜਾਵੇਗੀ ਤਾਂ ਜੋ ਫਸਲਾਂ ਨੂੰ ਹੋਰ ਨੁਕਸਾਨ ਨਾ ਹੋਵੇ।ਇਸ ਤੋਂ ਪਹਿਲਾਂ ਖੜ੍ਹੀ ਫਸਲ ਨੂੰ ਅੱਗ ਲੱਗਣ ਦੀਆਂ ਘਟਵਾਨਾਂ ਵੱਲ ਊਰਜਾ ਮੰਤਰੀ ਦਾ ਧਿਆਨ ਸੀਨੀਅਰ ਆਗੂ ਅਤੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਦਿਵਾਇਆ, ਜਿਨ੍ਹਾਂ ਨੇ ਇਸ ਗੰਭੀਰ ਮੁੱਦੇ 'ਤੇ ਚਿੰਤਾ ਦਾ ਪ੍ਰਗਟਾਵਾ ਕੀਤਾ। ਰਾਣਾ ਗੁਰਜੀਤ ਸਿੰਘ ਨੇ ਸ੍ਰੀ ਰੰਧਾਵਾ ਨੂੰ ਭਰੋਸਾ ਦਿਵਾਇਆ ਕਿ ਇਸ ਮਸਲੇ ਦੀ ਗੰਭੀਰਤਾ ਨੂੰ ਸਮਝਦਿਆਂ ਉੱਚ ਪੱਧਰ 'ਤੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਅਗਲੇ ਸੀਜ਼ਨ ਤੋਂ ਮੋਨੀਟਰਿੰਗ ਹੋਰ ਵਿਆਪਕ ਪੱਧਰ 'ਤੇ ਕੀਤੀ ਜਾਇਆ ਕਰੇਗੀ।